ਬਲੀਆ (ਉੱਤਰ ਪ੍ਰਦੇਸ਼), 24 ਅਗਸਤ
ਆਰਐੱਸਐੱਸ ਦੇ ਜਥੇਬੰਦੀ ਭਾਰਤੀ ਕਿਸਾਨ ਸੰਘ (ਬੀਕੇਐੱਸ) ਨੇ ਕੇਂਦਰ ਸਰਕਾਰ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਖੇਤੀ ਕਾਨੂੰਨਾਂ ਸਬੰਧੀ ਮੰਗਾਂ ਅਤੇ ਐੱਮਐੱਸਪੀ ਬਾਰੇ ਕਾਰਵਾਈ ਨਾ ਕੀਤੇ ਜਾਣ ’ਤੇ 8 ਸਤੰਬਰ ਤੋਂ ਦੇਸ਼ਿਵਆਪੀ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ। ਬੀਕੇਐੱਸ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਕਾਰਨ ਚੱਲ ਰਹੇ ਵਿਵਾਦ ਦੇ ਹੱਲ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਆਧਾਰ ਕੀਮਤ ਮੁਤਾਬਕ ਤੈਅ ਹੋਣਾ ਅਤੇ ਨਵਾਂ ਕਾਨੂੰਨ ਕਿਸਾਨਾਂ ਵੱਲੋਂ ਪ੍ਰਗਟ ਕੀਤੀਆਂ ਗਈਆਂ ਚਿੰਤਾਵਾਂ ਨੂੰ ਧਿਆਨ ’ਚ ਰੱਖ ਕੇ ਬਣਾਉਣਾ ਚਾਹੀਦਾ ਹੈ। ਬੀਕੇਐੱਸ ਦੇ ਖਜ਼ਾਨਚੀ ਯੁਗਲ ਕਿਸ਼ੋਰ ਨੇ ਕਿਹਾ, ‘ਇਨ੍ਹਾਂ ਮੰਗਾਂ ਲਈ 8 ਸਤੰਬਰ ਨੂੰ ਸੰਕੇਤਕ ਧਰਨਾ ਦਿੱਤਾ ਜਾਵੇਗਾ। ਮੰਗਾਂ ’ਤੇ ਕਾਰਵਾਈ ਲਈ ਮੋਦੀ ਸਰਕਾਰ ਨੂੰ 31 ਅਗਸਤ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਸਾਡੀਆਂ ਮੰਗਾਂ ਬਾਰੇ ਹਾਂ ਪੱਖੀ ਸਟੈਂਡ ਨਾ ਲਿਆ ਗਿਆ ਤਾਂ 8 ਸਤੰਬਰ ਦੇ ਧਰਨੇ ਮਗਰੋਂ ਅਗਲੇ ਕਦਮ ਚੁੱਕਣ ਬਾਰੇ ਫ਼ੈਸਲਾ ਕੀਤਾ ਜਾਵੇਗਾ। -ਪੀਟੀਆਈ