ਜਸਪ੍ਰੀਤ ਸਿੰਘ ਰਾਜਪੁਰਾ
ਆਕਲੈਂਡ, 19 ਮਾਰਚ
ਨਿਊਜ਼ੀਲੈਂਡ ਪੁਲੀਸ ਨੇ ਫੇਸਬੁੱਕ ’ਤੇ ਸਿੱਖਾਂ ਅਤੇ ਕਿਸਾਨਾਂ ਵਿਰੁੱਧ ਨਫ਼ਰਤ ਫ਼ੈਲਾਉਣ ਵਾਲੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਭਾਜਪਾ ਦਾ ਹਮਾਇਤੀ ਵੀ ਦੱਸਿਆ ਜਾ ਰਿਹਾ ਹੈ। ਉਸ ਨੂੰ ਅੱਜ ਸ਼ਾਮ ਆਕਲੈਂਡ ਡਿਸਟ੍ਰਿਕਟ ਕੋਰਟ ’ਚ ਪੇਸ਼ ਕੀਤਾ ਜਾਵੇਗਾ। ਉਸ ਦਾ ਨਾਂ ਅਜੇ ਜਨਤਕ ਨਹੀਂ ਕੀਤਾ ਗਿਆ। ਪੁਲੀਸ ਵੱਲੋਂ ਵੀ ਉਸ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧ ’ਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ’ਤੇ ਜਾਅਲੀ ਪਛਾਣ ਬਣਾ ਕੇ ‘ਇੰਡੀਅਨ ਇਨ ਨਿਊਜ਼ੀਲੈਂਡ’ ਨਾਂ ਦੇ ਗਰੁੱਪ ’ਚ ਕਮਿਊਨਿਟੀ ਆਗੂ ਦਲਜੀਤ ਸਿੰਘ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਿਉਂਂ ਕਰ ਰਹੇ ਹਨ। ਭਾਈ ਦਲਜੀਤ ਸਿੰਘ ਨੇ ਪਰਮਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਮਿਲ ਕੇ ਮਾਮਲਾ ਨਿਊਜ਼ੀਲੈਂਡ ਪੁਲੀਸ ਦੇ ਧਿਆਨ ’ਚ ਲਿਆਂਦਾ ਸੀ। ਇਸ ਪਿੱਛੋਂ ਪੁਲੀਸ ਦੇ ਤਕਨੀਕੀ ਮਾਹਿਰਾਂ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਇਸ ਗਰੋਹ ਦੇ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਸ ਸਬੰਧ ’ਚ ਗ੍ਰਿਫ਼ਤਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬੀ ਭਾਈਚਾਰੇ ਦੇ ਆਗੂਆਂ ਵੱਲੋਂ ਭਾਰਤ ’ਚ ਚੱਲ ਰਹੇ ਕਿਸਾਨ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ’ਚ ਵੱਡੇ ਪ੍ਰਦਰਸ਼ਨ ਕੀਤੇ ਸਨ ਜਿਸ ਕਰਕੇ ਨਿਊਜ਼ੀਲੈਂਡ ’ਚ ਵਸਦੇ ਭਾਜਪਾ ਹਮਾਇਤੀਆਂ ਨੇ ਕਿਸਾਨਾਂ ਦੇ ਹੱਕ ’ਚ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦਾ ਵਿਰੋਧ ਕਰਦਿਆਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ।