ਵਾਸ਼ਿੰਗਟਨ, 23 ਫਰਵਰੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਯੂਕਰੇਨ ‘ਤੇ ਰੂਸ ਦੀ ਕਾਰਵਾਈ ਖ਼ਿਲਾਫ਼ ਰੂਸ ’ਤੇ ਪਾਬੰਦੀਆਂ ਲਾਉਣ ਸਬੰਧੀ ਕਾਰਵਾਈਆਂ ਦੀ ਅਗਵਾਈ ਭਾਰਤੀ ਮੂਲ ਦੇ ਆਰਥਿਕ ਸਲਾਹਕਾਰ ਦਲੀਪ ਸਿੰਘ ਕਰ ਰਹੇ ਹਨ। ਉਹ ਅੰਤਰਰਾਸ਼ਟਰੀ ਅਰਥ ਸ਼ਾਸਤਰ ਲਈ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਰਾਸ਼ਟਰੀ ਆਰਥਿਕ ਕੌਂਸਲ ਦੇ ਡਿਪਟੀ ਡਾਇਰੈਕਟਰ ਹਨ। ਉਹ ਪਿਛਲੇ ਕੁਝ ਦਿਨਾਂ ‘ਚ ਦੂਜੀ ਵਾਰ ਵ੍ਹਾਈਟ ਹਾਊਸ ਦੇ ਪ੍ਰੈੱਸ ਰੂਮ ‘ਚ ਨਜ਼ਰ ਆਏ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਦਲੀਪ ਸਿੰਘ ਨੂੰ ਲੋਕਾਂ ਦੀ ਮੰਗ ‘ਤੇ ਵਾਪਸ ਲਿਆਂਦਾ ਗਿਆ ਹੈ, ਕਿਉਂਕਿ ਉਹ ਬਾਇਡਨ ਪ੍ਰਸ਼ਾਸਨ ਵਿੱਚ ਰੂਸ ਨੀਤੀ ‘ਤੇ ਮੁੱਖ ਭੂਮਿਕਾ ਨਿਭਾਉਂਦੇ ਰਹੇ ਹਨ। ਆਪਣੇ ਸੰਬੋਧਨ ਵਿਚ ਦਲੀਪ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, ‘ਯੂਕਰੇਨ ‘ਤੇ ਰੂਸੀ ਹਮਲਾ ਸ਼ੁਰੂ ਹੋ ਗਿਆ ਹੈ ਅਤੇ ਅਸੀਂ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ।’