ਪੁਡੂਚੇਰੀ, 24 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਭਿਆਚਾਰ ਅਜਿਹਾ ਸਾਂਝਾ ਧਾਗਾ ਹੈ ਜਿਸ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਨਾਗਰਿਕਾਂ ਨੂੰ ਜੋੜਿਆ ਹੋਇਆ ਹੈ। ਜਿਸ ਦਿਨ ਭਾਰਤ ਨੂੰ ‘ਭੂ-ਸਭਿਆਚਾਰਕ’ ਦੇਸ਼ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਜਾਵੇਗਾ, ਉਸ ਦਿਨ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣੇ-ਆਪ ਹੋ ਜਾਵੇਗਾ। ਮਹਾਨ ਆਜ਼ਾਦੀ ਘੁਲਾਟੀਏ ਸ੍ਰੀ ਅਰਵਿੰਦ ਦੀ 150ਵੀਂ ਜੈਅੰਤੀ ਮੌਕੇ ਇੱਥੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਉਨ੍ਹਾਂ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਕਾਰਜ ਤੇ ਵਿਚਾਰ ਅੱਜ ਵੀ ਪ੍ਰਸੰਗਿਕ ਹਨ ਅਤੇ ਉਹ ਦੇਸ਼ਵਾਸੀਆਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।
ਉਨ੍ਹਾਂ ਕਿਹਾ, ‘‘ਜੇ ਭਾਰਤ ਦੀ ਆਤਮਾ ਨੂੰ ਸਮਝਣਾ ਹੈ ਤਾਂ ਸ੍ਰੀ ਅਰਵਿੰਦ ਨੂੰ ਸੁਣਨਾ ਅਤੇ ਪੜ੍ਹਨਾ ਹੋਵੇਗਾ।’’ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਦੁਨੀਆਂ ਦੇ ਸਾਰੇ ਦੇਸ਼ ‘ਭੂ-ਰਾਜਨੀਤਕ’ ਹਨ, ਪਰ ਭਾਰਤ ਇਕਲੌਤਾ ਅਜਿਹਾ ਦੇਸ਼ ਹੈ ਜੋ ਭੂ-ਸਭਿਆਚਾਰਕ ਹੈ।
ਸ਼ਾਹ ਨੇ ਕਿਹਾ, ‘‘ਜੇਕਰ ਭਾਰਤ ਨੂੰ ਭੂ-ਸਭਿਆਚਾਰਕ ਦੇਸ਼ ਦੇ ਨਾਤੇ ਸਮਝਣ ਦੀ ਸ਼ੁਰੂਆਤ ਕਰਾਂਗੇ ਤਾਂ ਅੱਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣੇ-ਆਪ ਹੋ ਜਾਵੇਗਾ। ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਦੁਆਰਕਾ ਤੋਂ ਬੰਗਾਲ ਤੱਕ ਕਿਤੇ ਨਾ ਕਿਤੇ ਇੱਕ ਹੀ ਸਭਿਆਚਾਰ ਨੇ ਸਾਨੂੰ ਸਾਰਿਆਂ ਨੂੰ ਬੰਨ੍ਹ ਰੱਖਿਆ ਹੈ। ਸੰਵਿਧਾਨ ਸਾਡੇ ਸਾਰਿਆਂ ਲਈ ਸਨਮਾਨਯੋਗ ਹੈ ਤੇ ਸਭਿਆਚਾਰ ਭਾਰਤ ਦੀ ਆਤਮਾ ਹੈ।’’ ਸ਼ਾਹ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਆਏ ਹੋਏ ਹਨ। -ਪੀਟੀਆਈ
‘ਦੇਸ਼ਭਗਤੀ ਦੇ ਪ੍ਰਤੀਕ ਹਨ ਮਹਾਕਵੀ ਸੁਬਰਾਮਣੀਅਮ ਭਾਰਤੀ’
ਪੁਡੂਚੇਰੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਜ਼ਾਦੀ ਘੁਲਾਟੀਏ ਮਹਾਕਵੀ ਸੁਬਰਾਮਣੀਅਮ ਭਾਰਤੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਦੇਸ਼ ਭਗਤੀ ਦਾ ‘ਪ੍ਰਤੀਕ’ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹੇ ਹਨ। ਗ੍ਰਹਿ ਮੰਤਰੀ ਨੇ ਇੱਥੇ ਮਹਾਕਵੀ ਭਾਰਤੀਯਾਰ ਮੈਮੋਰੀਅਲ ਮਿਊਜ਼ਮ ਦਾ ਦੌਰਾ ਕੀਤਾ ਅਤੇ ਕਿਹਾ ਕਿ ਉਹ ਅਜਿਹਾ ਕਰ ਕੇ ‘ਭਾਗਾਂ ਵਾਲਾ’ ਮਹਿਸੂਸ ਕਰ ਰਹੇ ਹਨ। -ਪੀਟੀਆਈ