ਨਵੀਂ ਦਿੱਲੀ: ਭਾਰਤ ਜੀ20 ਸਮੂਹ ਦੀ ਆਪਣੀ ਪ੍ਰਧਾਨਗੀ ਵਿੱਚ ਅਗਲੇ ਸਾਲ ਨੌਂ ਤੇ 10 ਸਤੰਬਰ ਨੂੰ ਸਾਲਾਨਾ ਸਿਖਰ ਸੰਮੇਲਨ ਸਮੇਤ ਇਸ ਪ੍ਰਭਾਵਸ਼ਾਲੀ ਗਰੁੱਪ ਦੀਆਂ 200 ਤੋਂ ਵੱਧ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਭਾਰਤ ਪਹਿਲੀ ਦਸੰਬਰ 2022 ਤੋਂ 30 ਨਵੰਬਰ 2023 ਤੱਕ ਇੱਕ ਸਾਲ ਲਈ ਜੀ20 ਦੀ ਪ੍ਰਧਾਨਗੀ ਕਰੇਗਾ। ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ, ‘‘ਭਾਰਤ ਦਸੰਬਰ 2022 ਤੋਂ ਦੇਸ਼ ਭਰ ਵਿੱਚ ਜੀ-20 ਦੀਆਂ 200 ਬੈਠਕਾਂ ਦੀ ਪ੍ਰਧਾਨਗੀ ਕਰੇਗਾ। ਰਾਜਾਂ/ਸਰਕਾਰਾਂ ਦੇ ਮੁਖੀਆਂ ਦੇ ਪੱਧਰ ’ਤੇ ਜੀ20 ਆਗੂਆਂ ਦਾ ਸਿਖਰ ਸੰਮੇਲਨ 9 ਤੇ 10 ਸਤੰਬਰ 2023 ਨੂੰ ਨਵੀਂ ਦਿੱਲੀ ਵਿੱਚ ਕਰਵਾਇਆ ਜਾਵੇਗਾ।’’ ‘ਜੀ20’ ਜਾਂ ‘ਗਰੁੱਪ ਆਫ 20’ ਦੁਨੀਆਂ ਦੀਆਂ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਅੰਤਰ-ਸਰਕਾਰੀ ਗਰੁੱਪ ਹੈ। ਭਾਰਤ ਇਸ ਵੇਲੇ ਜੀ20 ਤ੍ਰੋਈਕਾ (ਮੌਜੂਦਾ, ਸਾਬਕਾ ਤੇ ਆਗਾਮੀ ਜੀ20 ਪ੍ਰਧਾਨਗੀ ਵਾਲੇ ਦੇਸ਼ਾਂ ਦਾ ਗਰੁੱਪ) ਦਾ ਹਿੱਸਾ ਹੈ, ਜਿਸ ਵਿੱਚ ਇੰਡੋਨੇਸ਼ੀਆ, ਇਟਲੀ ਤੇ ਭਾਰਤ ਸ਼ਾਮਲ ਹਨ। -ਪੀਟੀਆਈ