ਨਵੀਂ ਦਿੱਲੀ, 30 ਮਈ
ਭਾਰਤ ਨੇ 13500 ਕਰੋੜ ਰੁਪਏ ਦੇ ਬੈਂਕ ਘੁਟਾਲੇ ’ਚ ਲੋੜੀਂਦੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਹਵਾਲਗੀ ਨਾਲ ਸਬੰਧਤ ਦਸਤਾਵੇਜ਼ਾਂ ਨਾਲ ਇੱਕ ਨਿੱਜੀ ਜਹਾਜ਼ ਡੌਮੀਨਿਕਾ ਭੇਜਿਆ ਹੈ। ਇਹ ਜਾਣਕਾਰੀ ਐਂਟੀਗਾ ਤੇ ਬਰਬੂਡਾ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਆਪਣੇ ਦੇਸ਼ ’ਚ ਇੱਕ ਰੇਡੀਓ ਸ਼ੋਅ ਦੌਰਾਨ ਦਿੱਤੀ। ਭਾਰਤੀ ਅਥਾਰਿਟੀਆਂ ਨੇ ਅਜੇ ਤੱਕ ਇਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਐਂਟੀਗਾ ਨਿਊਜ਼ ਰੂਮ ਮੁਤਾਬਕ ਕਤਰ ਏਅਰਵੇਜ਼ ਦਾ ਇੱਕ ਨਿੱਜੀ ਜੈੱਟ ਡੌਮੀਨਿਕਾ ਦੇ ਡਗਸਲ ਚਾਰਲਸ ਹਵਾਈ ਅੱਡੇ ’ਤੇ ਉੱਤਰਿਆ ਜਿਸ ਮਗਰੋਂ ਚੋਕਸੀ ਦੀ ਹਵਾਲਗੀ ਨੂੰ ਲੈ ਕੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਐਂਟੀਗਾ ਤੇ ਬਰਬੂਡਾ ਤੋਂ ਲਾਪਤਾ ਹੋਇਆ ਚੋਕਸੀ ਗੁਆਂਢੀ ਮੁਲਕ ਡੌਮੀਨਿਕਾ ’ਚ ਫੜਿਆ ਗਿਆ ਸੀ। ਬ੍ਰਾਊਨ ਨੇ ਦੱਸਿਆ ਕਿ ਚੋਕਸੀ ਦੀ ਹਵਾਲਗੀ ਲਈ ਜ਼ਰੂਰੀ ਦਸਤਾਵੇਜ਼ ਲੈ ਕੇ ਇੱਕ ਨਿੱਜੀ ਜੈੱਟ ਭਾਰਤ ਤੋਂ ਆਇਆ ਹੈ। ਕਤਰ ਦੀ ਉਡਾਣ ਏ7ਸੀਈਈ ਦੇ ਜਨਤਕ ਤੌਰ ’ਤੇ ਮਿਲੇ ਅੰਕੜਿਆਂ ਅਨੁਸਾਰ ਇਹ ਜਹਾਜ਼ 28 ਮਈ ਨੂੰ ਤੜਕੇ 3.44 ਵਜੇ ਦਿੱਲੀ ਹਵਾਈ ਅੱਡੇ ਤੋਂ ਉੱਡਿਆ ਅਤੇ ਉਸੇ ਦਿਨ ਸਥਾਨਕ ਸਮੇਂ ਅਨੁਸਾਰ ਦਿਨੇ 1.16 ਵਜੇ ਡੌਮੀਨਿਕਾ ਪਹੁੰਚਿਆ।
ਨਵੀਂ ਤਸਵੀਰ ’ਚ ਜ਼ਖ਼ਮੀ ਦਿਖਾਈ ਦਿੱਤਾ ਚੋਕਸੀ
ਮੇਹੁਲ ਚੋਕਸੀ ਨੇ ਦੋਸ਼ ਲਾਇਆ ਹੈ ਕਿ ਐਂਟੀਗਾ ਅਤੇ ਭਾਰਤੀ ਵਾਂਗ ਦਿਖਾਈ ਦੇਣ ਵਾਲੇ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਐਂਟੀਗਾ ਤੇ ਬਰਬੂਡਾ ’ਚ ਜੌਲੀ ਬੰਦਰਗਾਹ ਤੋਂ ਅਗਵਾ ਕੀਤਾ ਅਤੇ ਉਸ ਨੂੰ ਡੌਮੀਨਿਕਾ ਲੈ ਗਏ। ਡੌਮੀਨਿਕਾ ਤੋਂ ਚੋਕਸੀ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ’ਚ ਉਸ ਦੀ ਅੱਖਾਂ ਸੁੱਜੀਆਂ ਹੋਈਆਂ ਸਨ ਤੇ ਉਸ ਦੇ ਹੱਥ ’ਤੇ ਸੱਟਾਂ ਦੇ ਨਿਸ਼ਾਨ ਵੀ ਸਨ।