ਮੁੰਬਈ, 9 ਦਸੰਬਰ
ਸ਼ਿਵ ਸੈਨਾ ਨੇ ਅੱਜ ਕਿਹਾ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਭਾਰਤ ਬੰਦ ‘ਸਰਕਾਰ ਵਲੋਂ ਸਪਾਂਸਰ ਅਰਾਜਕਤਾ’ ਨੂੰ ਕਰਾਰਾ ਜਵਾਬ ਸੀ।
ਸ਼ਿਵ ਸੈਨਾ ਦੇ ਅਖਬਾਰ ‘ਸਾਮਨਾ’ ਵਿੱਚ ਛਪੀ ਸੰਪਾਦਕੀ ਵਿੱਚ ਦੋਸ਼ ਲਾਇਆ ਗਿਆ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਪਣੇ ਸਿਆਸੀ ਹਿੱਤਾਂ ਲਈ ਦੇਸ਼ ’ਤੇ ‘ਖ਼ੌਫ ਅਤੇ ਦਹਿਸ਼ਤ’ ਦੀ ਤਲਵਾਰ ਲਟਕਦੀ ਰੱਖਣਾ ਚਾਹੁੰਦੀ ਹੈ। ਇਸ ਵਿੱਚ ਅੱਗੇ ਦੋਸ਼ ਲਾਇਆ, ‘‘ਦੇਸ਼ ਵਿੱਚ ਟਕਰਾਅ ਨੂੰ ਹੱਲ ਕਰਨ ਦੀ ਬਜਾਏ, ਇਹ ਇਸ (ਟਕਰਾਅ) ਨੂੰ ਮਘਦਾ ਰੱਖਣਾ ਚਾਹੁੰਦੀ ਹੈ।’’ ਕਈ ਕਿਸਾਨ ਜਥੇਬੰਦੀਆਂ ਨੇ ਮੰਗਲਵਾਰ ਨੂੰ ‘ਭਾਰਤ ਬੰਦ’ ਰੱਖਿਆ ਅਤੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਸੰਪਾਦਕੀ ਵਿੱਚ ਸਵਾਲ ਕੀਤਾ ਗਿਆ ਕਿ ਸਿਆਸੀ ਪਾਰਟੀਆਂ ਵਲੋਂ ‘ਭਾਰਤ ਬੰਦ’ ਨੂੰ ਸਮਰਥਨ ਦੇਣ ਵਿੱਚ ਕੀ ਬੁਰਾਈ ਸੀ। ਸੰਪਾਦਕੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਭਾਜਪਾ ਵਲੋਂ ਦੇਸ਼ ਵਿੱਚ ‘ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼’ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ‘ਖ਼ਾਲਿਸਤਾਨੀ’ ਦੱਸੇ ਜਾਣ ਦੀ ਆਲੋਚਨਾ ਕੀਤੀ ਗਈ। ਇਸ ਵਿੱਚ ਅੱਗੇ ਦੋਸ਼ ਲਾਇਆ ਗਿਆ, ‘‘ਭਾਜਪਾ ਵਲੋਂ ਜੋ ਪੱਛਮੀ ਬੰਗਾਲ ਵਿੱਚ ਕੀਤਾ ਜਾ ਰਿਹਾ ਹੈ, ਉਹ ਸਿਆਸੀ ਹਫੜਾ-ਦਫੜੀ ਹੈ, ਜਿਸ ਵਿੱਚ ਜਾਤ-ਪਾਤ ਅਤੇ ਧਾਰਮਿਕ ਆਧਾਰਾਂ ’ਤੇ ਧਰੁਵੀਕਰਨ ਕੀਤਾ ਜਾ ਰਿਹਾ ਹੈ।’’ -ਪੀਟੀਆਈ