ਨਵੀਂ ਦਿੱਲੀ, 9 ਜੁਲਾਈ
ਪੂਰਬੀ ਲੱਦਾਖ ’ਚ ਸਰਹੱਦ ’ਤੇ ਜਾਰੀ ਤਲਖੀ ਦਰਮਿਆਨ ਸ਼ੁੱਕਰਵਾਰ ਨੂੰ ਭਾਰਤ ਅਤੇ ਚੀਨ ਵਿਚਕਾਰ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਵਿਚਕਾਰ ਭਾਰਤ ਨੇ ਗਲਵਾਨ ਘਾਟੀ ’ਤੇ ਚੀਨ ਦੇ ਦਾਅਵੇ ਨੂੰ ਮੁੜ ਖਾਰਜ ਕਰ ਦਿੱਤਾ ਹੈ। ਚੀਨ ਵੱਲੋਂ ਅਸਲ ਕੰਟਰੋਲ ਰੇਖਾ ’ਤੇ ਕਈ ਥਾਵਾਂ ਤੋਂ ਆਪਣੀ ਫ਼ੌਜ ਪਿੱਛੇ ਹਟਾਉਣ ਦੇ ਅਮਲ ਵਿਚਕਾਰ ਭਾਰਤ ਨੇ ਅੱਜ ਕਿਹਾ ਹੈ ਕਿ ਉਹ ਗੱਲਬਾਤ ਰਾਹੀਂ ਸਰਹੱਦੀ ਇਲਾਕੇ ’ਚ ਅਮਨ-ਚੈਨ ਅਤੇ ਮੱਤਭੇਦਾਂ ਦੇ ਹੱਲ ਨੂੰ ਲੈ ਕੇ ਆਸਵੰਦ ਹੈ। ਭਾਰਤ ਨੇ ਇਹ ਵੀ ਕਿਹਾ ਕਿ ਉਹ ਆਪਣੀ ਖੁਦਮੁਖਤਿਆਰੀ ਅਤੇ ਇਲਾਕੇ ਦੀ ਅਖੰਡਤਾ ਪ੍ਰਤੀ ਵਚਨਬੱਧ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਆਨਲਾਈਨ ਪ੍ਰੈੱਸ ਬਿਆਨ ’ਚ ਕਿਹਾ ਕਿ ਅਸਲ ਕੰਟਰੋਲ ਰੇਖਾ ਦਾ ਸਖ਼ਤੀ ਨਾਲ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਰਹੱਦੀ ਇਲਾਕਿਆਂ ’ਚ ਇਹ ਸ਼ਾਂਤੀ ਅਤੇ ਸਦਭਾਵਨਾ ਦਾ ਮੁੱਖ ਆਧਾਰ ਹੈ। ਤਰਜਮਾਨ ਨੇ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪਿਛਲੇ ਐਤਵਾਰ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੂੰ ਗਲਵਾਨ ਘਾਟੀ ਸਮੇਤ ਅਸਲ ਕੰਟਰੋਲ ਰੇਖਾ ’ਤੇ ਵਾਪਰੀਆਂ ਘਟਨਾਵਾਂ ਸਬੰਧੀ ਭਾਰਤ ਦੀ ਸਥਿਤੀ ਤੋਂ ਜਾਣੂ ਕਰਵਾਇਆ ਸੀ। ਸ੍ਰੀਵਾਸਤਵ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਕੂਟਨੀਤਕ ਅਤੇ ਫ਼ੌਜੀ ਅਧਿਕਾਰੀਆਂ ਵਿਚਕਾਰ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਛੇਤੀ ਹੋਣ ਦੀ ਸੰਭਾਵਨਾ ਹੈ। ਉਧਰ ਇਸ ਤੋਂ ਪਹਿਲਾਂ ਚੀਨ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਗਲਵਾਨ ਘਾਟੀ ਅਤੇ ਹੋਰ ਇਲਾਕਿਆਂ ’ਚ ਚੀਨੀ ਅਤੇ ਭਾਰਤੀ ਫ਼ੌਜਾਂ ਨੇ ਪਿੱਛੇ ਹਟਣ ਲਈ ਢੁਕਵੇਂ ਕਦਮ ਉਠਾਏ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਕਿਹਾ ਕਿ ਹੁਣ ਸਰਹੱਦ ’ਤੇ ਹਾਲਾਤ ਸਥਿਰ ਅਤੇ ਸੁਧਰ ਰਹੇ ਹਨ। -ਪੀਟੀਆਈ
ਚੀਨੀ ਫ਼ੌਜ ਹੁਣ ਗੋਗਰਾ ਤੋਂ ਵੀ ਪਿੱਛੇ ਹਟੀ
ਨਵੀਂ ਦਿੱਲੀ: ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦਾ ਗੋਗਰਾ ਤੋਂ ਵੀ ਪਿੱਛੇ ਹਟਣ ਦਾ ਅਮਲ ਅੱਜ ਮੁਕੰਮਲ ਹੋ ਗਿਆ ਹੈ। ਪੂਰਬੀ ਲੱਦਾਖ ’ਚ ਹੌਟ ਸਪਰਿੰਗਜ਼ ਇਲਾਕੇ ’ਚੋਂ ਚੀਨੀ ਫ਼ੌਜ ਬੁੱਧਵਾਰ ਨੂੰ ਪਿੱਛੇ ਹਟ ਗਈ ਸੀ। ਹੁਣ ਖਿੱਤੇ ’ਚ ਤਣਾਅ ਨੂੰ ਘਟਾਉਣ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਅਧਿਕਾਰੀਆਂ ਵਿਚਕਾਰ ਉੱਚ-ਪੱਧਰੀ ਗੱਲਬਾਤ ਹੋਵੇਗੀ। ਦੋਵੇਂ ਮੁਲਕਾਂ ਵਿਚਕਾਰ ਸਰਹੱਦੀ ਵਿਵਾਦ ’ਤੇ ਨਜ਼ਰ ਰੱਖ ਰਹੇ ਵਿਅਕਤੀਆਂ ਨੇ ਦੱਸਿਆ ਕਿ ਭਾਰਤ ਅਤੇ ਚੀਨ ਨੇ ਕਿਸੇ ਵੀ ਤਲਖੀ ਦੀ ਸੰਭਾਵਨਾ ਨੂੰ ਘਟਾਉਣ ਦੇ ਉਦੇਸ਼ ਨਾਲ ਗਲਵਾਨ ਘਾਟੀ, ਗੋਗਰਾ ਅਤੇ ਹੌਟ ਸਪਰਿੰਗਜ਼ ’ਚ ਤਿੰਨ ਕਿਲੋਮੀਟਰ ਦਾ ਬਫ਼ਰ ਜ਼ੋਨ ਬਣਾਉਣ ਦਾ ਕੰਮ ਵੀ ਮੁਕੰਮਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੀਐੱਲਏ ਨੇ ਗੋਗਰਾ (ਪੈਟਰੋਲਿੰਗ ਸਥਾਨ 17) ਤੋਂ ਆਪਣੇ ਜਵਾਨਾਂ ਨੂੰ ਪੂਰੀ ਤਰ੍ਹਾਂ ਨਾਲ ਪਿਛਾਂਹ ਹਟਾ ਲਿਆ ਹੈ। ਇਸ ਨਾਲ ਦੋਵੇਂ ਮੁਲਕਾਂ ਨੇ ਫ਼ੌਜਾਂ ਪਿੱਛੇ ਹਟਾਉਣ ਦੇ ਪਹਿਲੇ ਪੜਾਅ ਨੂੰ ਲਾਗੂ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ ਹੁਣ ਸਾਰਾ ਧਿਆਨ ਪੈਂਗੌਂਗ ਝੀਲ ਇਲਾਕੇ ’ਤੇ ਕੇਂਦਰਿਤ ਹੋ ਗਿਆ ਹੈ ਜਿਥੇ ਫਿੰਗਰ 4 ਇਲਾਕੇ ’ਚੋਂ ਫ਼ੌਜ ਦੀ ਨਫ਼ਰੀ ਘਟਾਈ ਜਾ ਰਹੀ ਹੈ। ਭਾਰਤ ਵੱਲੋਂ ਜ਼ੋਰ ਪਾਇਆ ਜਾ ਰਿਹਾ ਹੈ ਕਿ ਚੀਨ ਫਿੰਗਰ 4 ਅਤੇ 8 ਵਿਚਕਾਰਲੇ ਇਲਾਕਿਆਂ ’ਚੋਂ ਵੀ ਆਪਣੀ ਫ਼ੌਜ ਹਟਾਵੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਅਗਲੇ ਦੋ-ਤਿੰਨ ਦਿਨਾਂ ’ਚ ਹੋਣ ਦੀ ਸੰਭਾਵਨਾ ਹੈ। -ਪੀਟੀਆਈ