ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 20 ਸਤੰਬਰ
ਭਾਰਤ ਨੇ ਮਾਲਦੀਵ ਨੂੰ ਅੱਜ 25 ਕਰੋੜ ਡਾਲਰ ਦੀ ਐਮਰਜੈਂਸੀ ਵਿੱਤੀ ਸਹਾਇਤਾ ਸੌਂਪ ਦਿੱਤੀ ਹੈ। ਅਮਰੀਕਾ ਵੱਲੋਂ ਮਾਲਦੀਵ ਨਾਲ ਫ਼ੌਜੀ ਰਿਸ਼ਤੇ ਵਿਕਸਤ ਕਰਨ ਲਈ ਸਮਝੌਤੇ ’ਤੇ ਦਸਤਖ਼ਤ ਕਰਨ ਦੇ 10 ਦਿਨਾਂ ਮਗਰੋਂ ਭਾਰਤ ਨੇ ਇਹ ਸਹਾਇਤਾ ਕੀਤੀ ਹੈ। ਗੁਆਂਢੀ ਮੁਲਕਾਂ ’ਤੇ ਚੀਨ ਦੇ ਦਬਦਬੇ ਨੂੰ ਘਟਾਊਣ ਦੇ ਇਰਾਦੇ ਨਾਲ ਭਾਰਤ ਅਤੇ ਅਮਰੀਕਾ ਵੱਲੋਂ ਇਹ ਊਪਰਾਲਾ ਕੀਤਾ ਗਿਆ ਹੈ।
ਭਾਰਤ ਨੇ 2013 ਨਾਲੋਂ ਵੱਖਰਾ ਪੈਂਤੜਾ ਅਖ਼ਤਿਆਰ ਕੀਤਾ ਹੈ ਜਦੋਂ ਊਸ ਨੇ ਅਮਰੀਕਾ ਨੂੰ ਮਾਲਦੀਵ ਨਾਲ ਫ਼ੌਜੀ ਸਮਝੌਤਾ ਕਰਨ ਤੋਂ ਰੋਕਣ ਲਈ ਹਰਸੰਭਵ ਕੋਸ਼ਿਸ਼ ਕੀਤੀ ਸੀ। ਊਸ ਸਮੇਂ ਯੂਪੀਏ ਸਰਕਾਰ ਦਾ ਮੰਨਣਾ ਸੀ ਕਿ ਅਮਰੀਕਾ ਦੇ ਇਲਾਕੇ ’ਚ ਦਾਖ਼ਲੇ ਨਾਲ ਨਵੀਂ ਤਰ੍ਹਾਂ ਦਾ ਬਿਖੇੜਾ ਪੈਦਾ ਹੋਵੇਗਾ ਕਿਊਂਕਿ ਊਸ ਸਮੇਂ ਸਿਰਫ਼ ਭਾਰਤ ਅਤੇ ਚੀਨ ਦਾ ਹੀ ਹਿੰਦ ਮਹਾਸਾਗਰ ’ਚ ਜ਼ੋਰ ਸੀ। ਮਾਲਦੀਵ ’ਚ 2013 ਦੀਆਂ ਚੋਣਾਂ ਮਗਰੋਂ ਭਾਰਤ ਲਈ ਹਾਲਾਤ ਸੁਖਾਵੇਂ ਨਹੀਂ ਸਨ ਪਰ ਭਾਰਤ ਪੱਖੀ ਆਗੂਆਂ ਦੇ 2018 ’ਚ ਮੁੜ ਸੱਤਾ ’ਤੇ ਕਾਬਜ਼ ਹੋਣ ਮਗਰੋਂ ਹਾਲਾਤ ਬਦਲ ਗਏ। ਗਲਵਾਨ ਘਾਟੀ ’ਚ ਝੜਪ ਮਗਰੋਂ ਭਾਰਤ ਨੇ ਚੀਨ ਦੇ ਟਾਕਰੇ ਲਈ ਅਮਰੀਕਾ ਨੂੰ ਮਾਲਦੀਵ ਨਾਲ ਰੱਖਿਆ ਸਮਝੌਤੇ ਦੀ ਪ੍ਰਵਾਨਗੀ ਦੇ ਦਿੱਤੀ।
ਭਾਰਤ ਨੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਵੀ ਮਾਲਦੀਵ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਇਆ ਹੈ। ਮਾਰਚ ’ਚ ਮੈਡੀਕਲ ਟੀਮ ਮਾਲੇ ’ਚ ਕੋਵਿਡ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਗਈ ਸੀ ਅਤੇ ਊਥੋਂ ਦੇ ਲੋਕਾਂ ਲਈ 12 ਲੱਖ ਟਨ ਦਵਾਈਆਂ ਅਤੇ 580 ਟਨ ਖੁਰਾਕੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ।