ਨਵੀਂ ਦਿੱਲੀ/ਇਸਲਾਮਾਬਾਦ, 11 ਜੂਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਬੀਤੇ ਦਿਨ ਭਾਰਤ ਨੂੰ ਵਿੱਤੀ ਮੱਦਦ ਦੇਣ ਦੀ ਕੀਤੀ ਪੇਸ਼ਕਸ਼ ਨੂੰ ਭਾਰਤ ਸਰਕਾਰ ਨੇ ਹਾਸੋਹੀਣਾ ਕਰਾਰ ਦਿੱਤਾ ਹੈ। ਖਾਨ ਨੇ ਬੀਤੇ ਦਿਨ ਟਵਿੱਟਰ ’ਤੇ ਇੱਕ ਖ਼ਬਰ ਦੇ ਹਵਾਲੇ ਨਾਲ ਕਿਹਾ ਸੀ ਕਿ ਭਾਰਤ ਦੇ ਕਰੀਬ 34 ਫ਼ੀਸਦ ਲੋਕ ਮੱਦਦ ਬਿਨਾਂ ਇੱਕ ਹਫ਼ਤਾ ਵੀ ਨਹੀਂ ਕੱਟ ਸਕਣਗੇ। ਇਸ ਲਈ ਉਹ ਮੱਦਦ ਦੇਣ ਲਈ ਤਿਆਰ ਹਨ।
ਇਮਰਾਨ ਖਾਨ ਦਾ ਇਸ ਟਵੀਟ ਕਾਰਨ ਸੋਸ਼ਲ ਮੀਡੀਆ ’ਤੇ ਭਾਰਤੀਆਂ ਅਤੇ ਪਾਕਿਸਤਾਨੀਆਂ ਨੇ ਖੂਬ ਮਜ਼ਾਕ ਉਡਾਇਆ। ਅੱਜ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਖਾਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਲੋਕਾਂ ਨੂੰ ਪੈਸਾ ਦੇਣ ਦੀ ਬਜਾਏ ਮੁਲਕ ਤੋਂ ਬਾਹਰ ਪੈਸਾ ਭੇਜਣ ਲਈ ਜਾਣਿਆ ਜਾਂਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਦਾ ਵਿੱਤੀ ਰਾਹਤ ਪੈਕੇਜ ਹੀ ਪਾਕਿਸਤਾਨ ਦੇ ਸਲਾਨਾ ਕੁੱਲ ਘਰੇਲੂ ਊਤਪਾਦਨ ਜਿੰਨਾ ਹੈ -ਆਈਏਐੱਨਐੱਸ