ਭੋਪਾਲ, 28 ਮਈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਭਾਰਤ ਦੁਨੀਆ ’ਚ ਸਭ ਤੋਂ ਕਿਫਾਇਤੀ ਦਰਾਂ ’ਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਤੇ ਖਾਸ ਕਰਕੇ ਗੁਆਂਢੀ ਮੁਲਕਾਂ ਦੇ ਲੋਕ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਭਾਰਤੀ ਹਸਪਤਾਲਾਂ ਦਾ ਰੁਖ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਮੈਡੀਕਲ ਸੈਰ-ਸਪਾਟੈ ਦਾ ਕੇਂਦਰ ਬਣ ਰਿਹਾ ਹੈ।
ਕੋਵਿੰਦ ਨੇ ਇੱਥੇ ਅਰੋਗਯ ਭਾਰਤੀ ਸੰਸਥਾ ਵੱਲੋਂ ‘ਇੱਕ ਮੁਲਕ, ਇੱਕ ਸਿਹਤ ਪ੍ਰਬੰਧ’ ਬਾਰੇ ਕਰਵਾਈ ਗਈ ਕਾਨਫਰੰਸ ਦਾ ਉਦਘਾਟਨ ਕਰਦਿਆਂ ਕਿਹਾ, ‘ਭਾਰਤ ’ਚ ਸਭ ਤੋਂ ਕਿਫਾਇਤੀ ਮੈਡੀਕਲ ਸਹੂਲਤਾਂ ਮੁਹੱਈਆ ਹੁੰਦੀਆਂ ਹਨ ਤੇ ਹਸਪਤਾਲ, ਖਾਸ ਕਰਕੇ ਦਿੱਲੀ ’ਚ ਸਥਾਨਕ ਮਰੀਜ਼ਾਂ ਦੀ ਥਾਂ ਗੁਆਢੀ ਮੁਲਕਾਂ ਦੇ ਲੋਕ ਜ਼ਿਆਦਾ ਇਲਾਜ ਕਰਵਾ ਰਹੇ ਹਨ।’ ਕੋਵਿੰਦ ਨੇ ਕਿਹਾ ਕਿ ਦੋ-ਢਾਈ ਸਾਲ ਤੋਂ ਦੁਨੀਆਂ ਕਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ। ਸ਼ਾਇਦ ਇੱਕ-ਦੋ ਫੀਸਦ ਲੋਕ ਹੀ ਇਸ ਤੋਂ ਬਚੇ ਹੋਣ ਨਹੀਂ ਤਾਂ ਹਰ ਕੋਈ ਕਿਸੇ ਨਾ ਕਿਸੇ ਰੂਪ ’ਚ ਇਸ ਤੋਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਰੋਨਾ ਰੋਕੂ ਵੈਕਸੀਨ ਬਣਾਉਣ ਵਾਲੇ ਵਿਗਿਆਨੀਆਂ ਤੇ ਡਾਕਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸਲੀਅਤ ਇਹ ਹੈ ਕਿ ਜੇ ਵਿਗਿਆਨੀ ਤੇ ਡਾਕਟਰ ਨਾ ਹੁੰਦੇ ਤਾਂ ਪਤਾ ਨਹੀਂ ਕੀ ਹੁੰਦਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਉਹ ਜਮਾਇਕਾ ਤੇ ਸੇਂਟ ਵਿੰਸੈਂਟ ਮੁਲਕਾਂ ਦੀ ਯਾਤਰਾ ’ਤੇ ਗਏ ਤਾਂ ਉਨ੍ਹਾਂ ਮੁਲਕਾਂ ਦੇ ਮੁਖੀਆਂ ਨੇ ਲੋੜ ਸਮੇਂ ਕਰੋਨਾ ਰੋਕੂ ਵੈਕਸੀਨ ਮੁਹੱਈਆ ਕਰਨ ਲਈ ਭਾਰਤ ਦੀ ਸ਼ਲਾਘਾ ਕੀਤੀ। ਸਮਾਗਮ ਨੂੰ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸੰਬੋਧਨ ਕੀਤਾ। -ਪੀਟੀਆਈ
ਡਾਕਟਰਾਂ ਨਾਲ ਬਦਸਲੂਕੀ ਨਾ ਕਰਨ ਦੀ ਸਲਾਹ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਾਕਟਰਾਂ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਹਤ ਕਰਮੀ ਵੀ ਇਨਸਾਨ ਹਨ ਤੇ ਉਨ੍ਹਾਂ ਤੋਂ ਵੀ ਕਈ ਵਾਰ ਗਲਤੀ ਹੋ ਜਾਂਦੀ ਹੈ। ਇੱਥ 399.72 ਕਰੋੜ ਰੁਪਏ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਮਗਰੋਂ ਰਾਸ਼ਟਰਪਤੀ ਨੇ ਕਿਹਾ ਕਿ ਆਪਣੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਡਾਕਟਰ ਬਹੁਤ ਹੀ ਧਿਆਨ ਤੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ’ਤੇ ਕੰਮ ਦਾ ਬਹੁਤ ਬੋਝ ਹੁੰਦਾ ਹੈ ਪਰ ਇਸ ਦੇ ਬਾਵਜੂਦ ਹੁਨਰਮੰਦ ਡਾਕਟਰ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਡਾਕਟਰਾਂ ਨਾਲ ਬਦਸਲੂਕੀ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਗਲਤ ਹੈ।