ਮੁੰਬਈ, 9 ਜੂਨ
ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਆਮਿਰ-ਅਬਦੁੱਲਾ ਨੇ ਅੱਜ ਕਿਹਾ ਕਿ ਭਾਰਤ ਤੇ ਇਰਾਨ ਨੇ ਵਪਾਰਕ ਲੈਣ-ਦੇਣ ਰੁਪਏ ਜਾਂ ‘ਵੱਟੇ-ਸੱਟੇ’ ਪ੍ਰਬੰਧ ਤਹਿਤ ਕਰਨ ਦੀਆਂ ਸੰਭਾਵਨਾਵਾਂ ਦੀ ‘ਪੜਚੋਲ’ ਦੇ ਨਾਲ ਬੈਂਕਿੰਗ ਪ੍ਰਬੰਧ ਵਿਕਸਤ ਕਰਨ ਦੀ ਲੋੜ ’ਤੇ ਵਿਚਾਰ ਚਰਚਾ ਕੀਤੀ ਹੈ। ਅਬਦੁੱਲ੍ਹਾ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਮੀ ਭਾਈਵਾਲੀ ਬਾਰੇ ਸੋਚ ਨੂੰ ਲੈ ਕੇ ‘ਕਿਤੇ ਅੱਗੇ’ ਹਨ। ਭਾਰਤ ਦੌਰੇ ’ਤੇ ਆਏ ਅਬਦੁੱਲ੍ਹਾ ਨੇ ਕਿਹਾ ਕਿ ਨਵੀਂ ਦਿੱਲੀ ਤੇ ਤਹਿਰਾਨ ਨੇ ਚਾਹਬਹਾਰ ਬੰਦਰਗਾਹ ’ਤੇ ਨਿਵੇਸ਼ ਵਧਾਉਣ ਲਈ ਵੀ ਸਹਿਮਤੀ ਦਿੱੱਤੀ। ਵਰਲਡ ਟਰੇਡ ਸੈਂਟਰ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਅਬਦੁੱਲ੍ਹਾ ਨੇ ਕਿਹਾ, ‘‘ਅਸੀਂ ਭਾਰਤ ਦੇ ਉੱਚ ਅਧਿਕਾਰੀਆਂ ਤੇ ਆਪਣੇ ਹਮਰੁਤਬਾ ਵਿਦੇਸ਼ ਮੰਤਰੀ ਨਾਲ ਬੈਂਕਿੰਗ ਚੌਖਟਾ ਵਿਕਸਤ ਕਰਨ ਦੀ ਵਿਸ਼ੇਸ਼ ਲੋੜ ਬਾਰੇ ਵਿਚਾਰ ਚਰਚਾ ਕੀਤੀ।’’ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਰੁਪਏ ਸਮੇਤ ਮੁਕਾਮੀ ਕਰੰਸੀ ਜਾਂ ਫਿਰ ‘ਵੱਟੇ-ਸੱਟੇ’ ਤਹਿਤ ਵਪਾਰ ਕਰਨ ਦੀਆਂ ਸੰਭਾਵਨਾਵਾਂ ’ਤੇ ‘ਪੜਚੋਲ’ ਕੀਤੀ ਹੈ। ਅਬਦੁੱਲ੍ਹਾ ਨੇ ਕਿਹਾ ਕਿ ਕੌਮਾਂਤਰੀ ਕਾਨੂੰਨ ਦੇ ਢਾਂਚੇ ਵਿੱਚ ਹੀ ਚੌਖਟੇ ਮੌਜੂਦ ਹਨ, ਜੋ ‘ਬੈਂਕਿੰਗ ਤੇ ਵਿੱਤੀ ਲੈਣ-ਦੇਣ’ ਦੀ ਮੁੜ ਸੁਰਜੀਤੀ ’ਚ ਮਦਦਗਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਤਹਿਰਾਨ ਅਜਿਹਾ ਚੌਖਟਾ ਦਰਜਨ ਦੇ ਕਰੀਬ ਮੁਲਕਾਂ ’ਚ ਪਹਿਲਾਂ ਹੀ ਲਾਗੂ ਕਰ ਚੁੱਕਾ ਹੈ। ਤਿੰਨ ਰੋਜ਼ਾ ਫੇਰੀ ਲਈ ਭਾਰਤ ਆਏ ਅਬਦੁੱਲ੍ਹਾ ਵਿੱਤੀ ਰਾਜਧਾਨੀ ਵਿੱਚ ਸਨਅਤਾਂ ਦੇ ਨੁਮਾਇੰਦਿਆਂ ਨੂੰ ਵੀ ਮਿਲੇ। ਅਬਦੁੱਲ੍ਹਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲੇ ਸਨ। -ਪੀਟੀਆਈ