ਨਵੀਂ ਦਿੱਲੀ, 21 ਮਾਰਚ
ਭਾਰਤ ਕੋਲ ਦੁਨੀਆ ਦੀ ਚੌਥੀ ਸਭ ਤੋਂ ਤਾਕਤਵਰ ਫ਼ੌਜ ਹੈ ਜਦਕਿ ਚੀਨ ਇਸ ਮਾਮਲੇ ’ਚ ਪਹਿਲੇ ਸਥਾਨ ’ਤੇ ਹੈ। ਇਹ ਖੁਲਾਸਾ ਰੱਖਿਆ ਵੈੱਬਸਾਈਟ ‘ਮਿਲਟਰੀ ਡਾਇਰੈਕਟ’ ਵੱਲੋਂ ਅੱਜ ਜਾਰੀ ਇੱਕ ਸਟੱਡੀ ਵਿੱਚ ਕੀਤਾ ਗਿਆ।
ਸਟੱਡੀ ’ਚ ਕਿਹਾ ਗਿਆ ਕਿ ਅਮਰੀਕਾ ਆਪਣੇ ਵੱਡੇ ਮਿਲਟਰੀ ਬਜਟ ਦੇ ਬਾਵਜੂਦ 74 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਜਦਿਕ 69 ਅੰਕਾਂ ਨਾਲ ਰੂਸ ਤੀਜੇ, ਭਾਰਤ (61 ਅੰਕ) ਚੌਥੇ ਅਤੇ ਫਰਾਂਸ (58 ਅੰਕ) ਪੰਜਵੇਂ ਸਥਾਨ ’ਤੇ ਹਨ। ਸਟੱਡੀ ਮੁਤਾਬਕ 43 ਅੰਕਾਂ ਨਾਲ ਬਰਤਾਨੀਆ ਸੂਚੀ ’ਚ 9ਵੇਂ ਸਥਾਨ ’ਤੇ ਹੈ। ਸਟੱਡੀ ਅਨੁਸਾਰ ਫੌਜਾਂ ਦੀ ਤਾਕਤ ਦੇ ਮੁਲਾਂਕਣ ਸਬੰਧੀ ਇਹ ‘ਸਰਵੋਤਮ ਮਿਲਟਰੀ ਤਾਕਤ ਸੂਚੀ’ (ਯੂਐੱਮਐੱਸਆਈ) ਵੱਖ-ਵੱਖ ਨੁਕਤਿਆਂ ਜਿਵੇਂ ਬਜਟ, ਸਰਗਰਮ ਤੇ ਗ਼ੈਰ-ਸਰਗਰਮ ਫ਼ੌਜੀ ਮੁਲਾਜ਼ਮ, ਕੁੱਲ ਹਵਾਈ, ਜਲ ਤੇ ਥਲ ਪ੍ਰਮਾਣੂ ਸਰੋਤ, ਔਸਤ ਤਨਖਾਹਾਂ ਅਤੇ ਉਪਕਰਨਾਂ ਦੇ ਭਾਰ ’ਤੇ ਅਧਾਰਿਤ ਹੈ। ਸੂਚੀ ਮੁਤਾਬਕ ਚੀਨ 100 ’ਚੋਂ 82 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ।
ਅਮਰੀਕਾ ਵੱਲੋਂ ਇਸ ਵਿੱਤੀ ਵਰ੍ਹੇ ਦੌਰਾਨ ਫ਼ੌਜੀ ਰੱਖਿਆ ਬਜਟ ਲਈ 732 ਅਰਬ ਡਾਲਰ ਰੱਖੇ ਗਏ ਹਨ, ਜੋ ਕਿ ਦੁਨੀਆ ’ਚ ਸਭ ਤੋਂ ਵੱਡਾ ਰੱਖਿਆ ਬਜਟ ਹੈ। ਚੀਨ ਵੱਲੋਂ ਰੱਖਿਆ ਬਜਟ ਲਈ 261 ਅਰਬ ਡਾਲਰ ਜਦਕਿ ਭਾਰਤ ਵੱਲੋਂ ਰੱਖਿਆ ਬਜਟ ਲਈ 71 ਅਰਬ ਡਾਲਰ ਰੱਖੇ ਗਏ ਹਨ। ਸਟੱਡੀ ’ਚ ਇਹ ਕਲਪਨਾ ਵੀ ਕੀਤੀ ਗਈ ਕਿ ਚੀਨ ਸਮੁੰਦਰ ਖੇਤਰ ’ਚ ਜਿੱਤ ਸਕਦਾ ਹੈ ਜਦਕਿ ਅਮਰੀਕਾ ਹਵਾਈ ਸੈਨਾ ਪੱਧਰ ਅਤੇ ਰੂਸ ਥਲ ਸੈਨਾ ਪੱਧਰ ’ਤੇ ਜਿੱਤ ਹਾਸਲ ਕਰ ਸਕਦਾ ਹੈ। -ਪੀਟੀਆਈ