ਨਵੀਂ ਦਿੱਲੀ, 1 ਜੁਲਾਈ
ਭਾਰਤ ਅਤੇ ਪਾਕਿਸਤਾਨ ਨੇ ਅੱਜ ਆਪੋ-ਆਪਣੀ ਹਿਰਾਸਤ ਵਿੱਚ ਬੰਦ ਆਮ ਕੈਦੀਆਂ ਅਤੇ ਮਛੇਰਿਆਂ ਦੀਆਂ ਸੂਚੀਆਂ ਇੱਕ-ਦੂਜੇ ਨੂੰ ਸੌਂਪੀਆਂ। ਅਜਿਹਾ 2008 ਵਿੱਚ ਹੋਏ ਸਮਝੌਤੇ ਦੇ ਆਧਾਰ ’ਤੇ ਕੀਤਾ ਗਿਆ ਹੈ, ਜਿਸ ਤਹਿਤ ਦੋਵਾਂ ਮੁਲਕਾਂ ਵਲੋਂ ਹਰ ਵਰ੍ਹੇ ਪਹਿਲੀ ਜਨਵਰੀ ਅਤੇ ਪਹਿਲੀ ਜੁਲਾਈ ਨੂੰ ਅਜਿਹੀਆਂ ਸੂਚੀਆਂ ਇੱਕ-ਦੂਜੇ ਨੂੰ ਸੌਂਪੀਆਂ ਜਾਂਦੀਆਂ ਹਨ।
ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਭਾਰਤ ਨੇ ਆਪਣੀਆਂ ਜੇਲ੍ਹਾਂ ਵਿੱਚ ਬੰਦ 265 ਪਾਕਿਸਤਾਨੀ ਆਮ ਨਾਗਰਿਕਾਂ ਅਤੇ 97 ਮਛੇਰਿਆਂ ਦੇ ਨਾਵਾਂ ਦੀ ਸੂਚੀ ਪਾਕਿਸਤਾਨ ਨੂੰ ਸੌਂਪੀ ਹੈ। ਇਸੇ ਤਰ੍ਹਾਂ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿੱਚ ਬੰਦ 54 ਭਾਰਤੀ ਆਮ ਨਾਗਰਿਕਾਂ ਅਤੇ 270 ਮਛੇਰਿਆਂ ਦੇ ਨਾਵਾਂ ਦੀ ਸੂਚੀ ਭਾਰਤ ਨੂੰ ਸੌਂਪੀ। ਬਿਆਨ ਅਨੁਸਾਰ ਭਾਰਤ ਸਰਕਾਰ ਨੇ ਪਾਕਿਸਤਾਨ ਦੀ ਹਿਰਾਸਤ ਵਿੱਚ ਆਮ ਨਾਗਰਿਕਾਂ, ਲਾਪਤਾ ਰੱਖਿਆ ਜਵਾਨਾਂ ਅਤੇ ਮਛੇਰਿਆਂ ਦੀ ਤੁਰੰਤ ਰਿਹਾਈ ਲਈ ਆਖਿਆ ਹੈ। ਇਸ ਸੰਦਰਭ ਵਿੱਚ ਪਾਕਿਸਤਾਨ ਨੂੰ ਸੱਤ ਭਾਰਤੀ ਆਮ ਨਾਗਰਿਕਾਂ ਅਤੇ 106 ਭਾਰਤੀ ਮਛੇਰਿਆਂ, ਜਿਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਹੋ ਗਈ ਸੀ, ਦੀ ਰਿਹਾਈ ਸਬੰਧੀ ਕਾਰਵਾਈ ਤੇਜ਼ ਕਰਨ ਲਈ ਆਖਿਆ ਗਿਆ ਹੈ।
-ਪੀਟੀਆਈ