ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 22 ਜੁਲਾਈ
ਮੁੱਖ ਅੰਸ਼
- ਐੱਸਸੀਓ ਦੀ ਵਿਦੇਸ਼ ਮੰਤਰੀ ਪੱਧਰ ਦੀ ਮੀਟਿੰਗ ਤੋਂ ਵੱਖਰੇ ਤੌਰ ’ਤੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕਰਨਗੇ ਜੈਸ਼ੰਕਰ
- ਪੂਰਬੀ ਲੱਦਾਖ ਵਿੱਚ ਤਣਾਅ ਘਟਾਉਣ ਦਾ ਮੁੱਦਾ ਹੋਵੇਗਾ ਸਭ ਤੋਂ ਉੱਪਰ
ਕੇਂਦਰੀ ਏਸ਼ੀਆ ਵਿੱਚ ਭਾਰਤ ਤੇ ਚੀਨ ਵਿਚਾਲੇ ਹੋਣ ਵਾਲੀਆਂ ਉੱਚ ਪੱਧਰੀ ਮੀਟਿੰਗਾਂ ਰਾਹੀਂ ਪੂਰਬੀ ਲੱਦਾਖ ’ਚ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਉਜ਼ਬੇਕਿਸਤਾਨ ਵਿੱਚ 28 ਤੇ 29 ਜੁਲਾਈ ਨੂੰ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਵਿਦੇਸ਼ ਮੰਤਰੀ ਪੱਧਰ ਦੀ ਮੀਟਿੰਗ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕਰ ਸਕਦੇ ਹਨ। ਇਸ ਮੁਲਾਕਾਤ ਦੌਰਾਨ ਪੂਰਬੀ ਲੱਦਾਖ ਵਿੱਚ ਤਣਾਅ ਘਟਾਉਣ ਦਾ ਮੁੱਦਾ ਸਭ ਤੋਂ ਉੱਪਰ ਹੋਵੇਗਾ। ਉਨ੍ਹਾਂ ਦਾ ਇਹ ਦੌਰਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦੌਰੇ ਤੋਂ ਬਾਅਦ ਹੋਵੇਗਾ। ਰੱਖਿਆ ਮੰਤਰੀ ਅਗਲੇ ਮਹੀਨੇ ਐੱਸਸੀਓ ਦੇ ਰੱਖਿਆ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਉਜ਼ਬੇਕਿਸਤਾਨ ਜਾਣਗੇ ਅਤੇ ਇਸ ਦੌਰਾਨ ਉਹ ਵੀ ਪੂਰਬੀ ਲੱਦਾਖ ਵਿੱਚ ਸਰਹੱਦੀ ਤਣਾਅ ਘਟਾਉਣ ਲਈ ਆਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੈਂਗ ਨਾਲ ਮੁਲਾਕਾਤ ਕਰਨਗੇ।
ਸਰਹੱਦੀ ਵਿਵਾਦ ਹੱਲ ਕਰਨ ਦੀਆਂ ਇਹ ਕੋਸ਼ਿਸ਼ਾਂ ਉਸੇ ਤਰ੍ਹਾਂ ਦੀਆਂ ਹਨ ਜਿਵੇਂ ਕਿ ਸਾਲ 2020 ਵਿੱਚ 4 ਤੇ 10 ਸਤੰਬਰ ਨੂੰ ਮਾਸਕੋ ਵਿੱਚ ਐੱਸਸੀਓ ਦੀਆਂ ਮੰਤਰੀ ਪੱਧਰ ਦੀਆਂ ਮੀਟਿੰਗਾਂ ਨਾਲੋਂ ਵੱਖਰੇ ਤੌਰ ’ਤੇ ਰਾਜਨਾਥ ਸਿੰਘ ਤੇ ਜੈਸ਼ੰਕਰ ਨੇ ਆਪਣੇ ਹਮਰੁਤਬਿਆਂ ਨਾਲ ਮੀਟਿੰਗਾਂ ਕੀਤੀਆਂ ਸਨ। ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਵਾਂਗ ਨਾਲ ਆਪਣੀ ਹੋਈ ਪਿਛਲੀ ਮੀਟਿੰਗ ’ਚ ਜੈਸ਼ੰਕਰ ਨੇ ਅਸਲ ਕੰਟਰੋਲ ਰੇਖਾ ਨੇੜਿਓਂ ਸੈਨਿਕਾਂ ਨੂੰ ਪਿੱਛੇ ਹਟਾ ਕੇ ਸਾਰੇ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਸੱਦਾ ਦਿੱਤਾ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਵੀਰਵਾਰ ਕਿਹਾ, ‘‘ਭਾਰਤ, ਚੀਨ ਨਾਲ ਗੱਲਬਾਤ ਕਰ ਰਿਹਾ ਹੈ। ਅਸਲ ਕੰਟਰੋਲ ਰੇਖਾ ਤੋਂ ਫ਼ੌਜਾਂ ਪਿੱਛੇ ਹਟਾਉਣ ਸਮੇਤ ਬਾਕੀ ਰਹਿੰਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਸਬੰਧਾਂ ਵਿੱਚ ਸੁਧਾਰ ਲਈ ਸਰਹੱਦੀ ਖੇਤਰਾਂ ’ਚ ਕੁਝ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’