ਕਿਮਿਨ (ਅਰੁਣਾਚਲ ਪ੍ਰਦੇਸ਼), 17 ਜੂਨ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਵੇਂ ਭਾਰਤ ਸ਼ਾਂਤੀ ਚਾਹੁਣ ਵਾਲਾ ਮੁਲਕ ਹੈ, ਪਰ ਇਹ ਹਮਲੇ ਦਾ ਜੁਆਬ ਦੇਣ ਦੇ ਸਮਰੱਥ ਵੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਚੀਨ ਨੂੰ ਅਸਿੱਧੇ ਢੰਗ ਨਾਲ ਦਿੱਤੇ ਸੁਨੇਹੇ ਵਜੋਂ ਵੇਖਿਆ ਜਾ ਰਿਹਾ ਹੈ। ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਵੱਲੋਂ ਬਣਾਈਆਂ 12 ਮਹੱਤਵਪੂਰਨ ਸੜਕਾਂ ਨੂੰ ਮੁਲਕ ਨੂੰ ਸਮਰਪਿਤ ਕਰਦਿਆਂ ਰੱਖਿਆ ਮੰਤਰੀ ਨੇ ਭਾਰਤ ਨੂੰ ਸ਼ਾਂਤੀ ਦਾ ਪੁਜਾਰੀ ਆਖਿਆ, ਪਰ ਨਾਲ ਹੀ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ’ਚ ਕਿਸੇ ਤਰ੍ਹਾਂ ਦੀ ਗੰਭੀਰ ਗੜਬੜੀ ਦੇ ਨਤੀਜੇ ਮਾੜੇ ਹੋਣਗੇ। ਉਨ੍ਹਾਂ ਕਿਹਾ,‘ਅਸੀਂ ਵਿਸ਼ਵ ਵਿੱਚ ਸ਼ਾਂਤੀ ਚਾਹੁੰਦੇ ਹਾਂ ਪਰ ਜੇਕਰ ਕੋਈ ਸਾਨੂੰ ਹਮਲਾਵਰ ਰੁਖ਼ ਵਿਖਾਏਗਾ ਤਾਂ ਅਸੀਂ ਜੁਆਬ ਦਿਆਂਗੇ।’ ਉਨ੍ਹਾਂ ਇਹ ਵੀ ਕਿਹਾ ਕਿ ਨਵੀਂਆਂ ਸੜਕਾਂ ਨਾਲ ਕੌਮਾਂਤਰੀ ਸਰਹੱਦਾਂ ਦੀ ਰਾਖੀ ਵਿੱਚ ਮਦਦ ਮਿਲੇਗੀ। ਇੱਕ ਸਾਲ ਪਹਿਲਾਂ ਲੱਦਾਖ ਦੀ ਗਲਵਾਨ ਘਾਟੀ ਵਿੱਚ ਦੋਵਾਂ ਏਸ਼ਿਆਈ ਮੁਲਕਾਂ ਦੀਆਂ ਫ਼ੌਜਾਂ ਵਿੱਚ ਹੋਏ ਮੁਕਾਬਲੇ ਮਗਰੋਂ ਚੀਨ ਵੱਲੋਂ ਹੁਣ ਵੀ ਸਰਹੱਦ ’ਤੇ ਸਥਿਤ ਹੌਟ ਸਪਰਿੰਗ ਅਤੇ ਗੋਗਰਾ ਪੋਸਟਾਂ ’ਤੇ ਤਾਇਨਾਤ ਰਹਿਣ ਮਗਰੋਂ ਉਨ੍ਹਾਂ ਦਾ ਇਹ ਬਿਆਨ ਆਇਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ,‘ਪਿਛਲੇ ਸਾਲ ਗਲਵਾਨ ਘਾਟੀ ਵਿੱਚ ਸਾਡੇ ਫ਼ੌਜੀਆਂ ਨੇ ਵਿਲੱਖਣ ਸਾਹਸ ਤੇ ਬਹਾਦਰੀ ਵਿਖਾਈ। ਮੈਂ ਉਨ੍ਹਾਂ ਸਾਰੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਮੁਲਕ ਲਈ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।’
ਦੱਸਣਯੋਗ ਹੈ ਕਿ ਚੀਨ ਅਰੁਣਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸੇ ਨੂੰ ਆਪਣਾ ਇਲਾਕਾ ਦੱਸਦਾ ਹੈ ਤੇ ਇਸ ਨੂੰ ਅੰਦਰੂਨੀ ਨਕਸ਼ਿਆਂ ਵਿੱਚ ‘ਦੱਖਣੀ ਤਿੱਬਤ’ ਵਜੋਂ ਲਿਖਦਾ ਹੈ। ਭਾਰਤ-ਚੀਨ ਵਿੱਚ ਸਰਹੱਦੀ ਤਣਾਅ ਜਾਰੀ ਰਹਿਣ ਕਾਰਨ ਮੋਦੀ ਸਰਕਾਰ ਨੇ ਸਰਹੱਦੀ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਸਬੰਧੀ ਕੰਮ ਕਰਵਾਉਣ ’ਚ ਤੇਜ਼ੀ ਲਿਆਉਣ ਦਾ ਫ਼ੈਸਲਾ ਲਿਆ ਹੈ, ਖ਼ਾਸ ਕਰਕੇ ਸੂਬੇ ਦੇ ਮੂਹਰਲੇ ਇਲਾਕਿਆਂ ਵੱਲ ਜਾਣ ਵਾਲੀਆਂ ਸੜਕਾਂ ’ਤੇ।
ਰੱਖਿਆ ਮੰਤਰੀ ਨੇ ਕਿਹਾ ਕਿ ਇਹ 12 ਸੜਕਾਂ ਜਿਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ 10 ਅਤੇ ਲੱਦਾਖ ਤੇ ਜੰਮੂ ਕਸ਼ਮੀਰ ਵਿੱਚ 1-1 ਸੜਕ ਸ਼ਾਮਲ ਹੈ, ਨਾ ਸਿਰਫ਼ ਇਲਾਕਿਆਂ ਨੂੰ ਆਪਸ ਵਿੱਚ ਜੋੜਨ ’ਚ ਸਹਾਇਤਾ ਕਰਨਗੀਆਂ ਸਗੋਂ ਕੌਮਾਂਤਰੀ ਸਰਹੱਦ ਦੇ ਨਾਲ ਸੁਰੱਖਿਆ ਬਲਾਂ ਦੀ ਆਵਾਜਾਈ ਨੂੰ ਤੇਜ਼ ਕਰਨ ’ਚ ਸਹਾਇਕ ਹੋਣਗੀਆਂ।
ਉਨ੍ਹਾਂ ਕਿਹਾ ਕਿ ਮੁਲਕ ਦੇ ਰੱਖਿਆ ਸੈਕਟਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਵੱਡੇ ਬਦਲਾਅ ਆਏ ਹਨ, ਜਿਨ੍ਹਾਂ ਵਿੱਚ ਪਹਿਲੀ ਵਾਰ ਚੀਫ਼ ਆਫ਼ ਡਿਫੈਂਸ ਸਟਾਫ਼ ਦੀ ਨਿਯੁਕਤੀ ਵੀ ਸ਼ਾਮਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਉੱਤਰ-ਪੂਰਬੀ ਭਾਰਤ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਈ ਹੈ।
ਇਸ ਮੌਕੇ ਕੇਂਦਰੀ ਰਾਜ ਖੇਡ ਮੰਤਰੀ ਕਿਰਨ ਰਿਜਿਜੂ, ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਰਵਾ ਸਰਮਾ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ, ਚੀਫ਼ ਆਫ਼ ਡਿਫੈਂਸ ਸਟਾਫ਼ ਵਿਪਿਨ ਰਾਵਤ ਅਤੇ ਹੋਰ ਅਹਿਮ ਸਖਸ਼ੀਅਤਾਂ ਹਾਜ਼ਰ ਸਨ। -ਪੀਟੀਆਈ