ਨਵੀਂ ਦਿੱਲੀ: ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਵਿੱਚ ਹੁਣ ਚੇਅਰਮੈਨ ਦੀ ਥਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਦੇ ਅਹੁਦੇ ਹੋਣਗੇ। ਸਰਕਾਰ ਵੱਲੋਂ ਬੀਮਾ ਕੰਪਨੀ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਤੋਂ ਪਹਿਲਾਂ ਅਹਿਮ ਨਿਯਮਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਹ ਬਦਲਾਅ ਵਿੱਤ ਮੰਤਰਾਲੇ ਅਧੀਨ ਵਿੱਤੀ ਸੇਵਾਵਾਂ ਵਿਭਾਗ ਵੱਲੋਂ ਭਾਰਤੀ ਜੀਵਨ ਬੀਮਾ ਨਿਗਮ (ਕਰਮਚਾਰੀ) ਪੈਨਸ਼ਨ (ਸੋਧ) ਕਾਨੂੰਨ ’ਚ ਸੋਧ ਕਰਕੇ ਕੀਤੇ ਗਏ ਹਨ। ਇਸ ਤੋਂ ਇਲਾਵਾ ਐੱਲਆਈਸੀ ਐਕਟ 1956 ਤਹਿਤ ਕੁਝ ਨਿਯਮਾਂ ’ਚ ਵੀ ਸੋਧ ਕੀਤੀ ਗਈ ਹੈ। ਸੱਤ ਜੁਲਾਈ ਨੂੰ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ, ‘ਕਾਨੂੰਨ (ਐੱਲਆਈਸੀ ਕਾਨੂੰਨ 1956) ਦੀ ਧਾਰਾ 4 ਤਹਿਤ ਮੁੱਖ ਕਾਰਜਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਦਾ ਅਰਥ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਟਰ ਹਨ।’ -ਪੀਟੀਆਈ