ਨਵੀਂ ਦਿੱਲੀ: ਸੰਸਦ ਦੇ ਭਲਕੇ 19 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦਾ ਸੰਸਦੀ ਗਰੁੱਪ ਨਵੇਂ ਸਿਰੇ ਤੋਂ ਤਿਆਰ ਕੀਤਾ ਹੈ। ਸਭ ਕਿਆਸਰਾਈਆਂ ਖਤਮ ਕਰਦਿਆਂ ਸੋਨੀਆ ਗਾਂਧੀ ਨੇ ਅਧੀਰ ਰੰਜਨ ਚੌਧਰੀ ਨੂੰ ਹੀ ਲੋਕ ਸਭਾ ’ਚ ਪਾਰਟੀ ਦਾ ਆਗੂ ਕਾਇਮ ਰੱਖਿਆ ਹੈ। ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ 15 ਜੁਲਾਈ ਨੂੰ ਜਾਰੀ ਕੀਤੇ ਪੱਤਰ ’ਚ ਲਿਖਿਆ ਹੈ, ‘ਸੰਸਦ ਦੇ ਦੋਵਾਂ ਸਦਨਾਂ ’ਚ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਉਣ ਲਈ ਮੈਂ ਪਾਰਟੀ ਦੇ ਸੰਸਦੀ ਗਰੁੱਪ ਦੀ ਮੁੜ ਉਸਾਰੀ ਦਾ ਫ਼ੈਸਲਾ ਲਿਆ ਹੈ।’ ਲੋਕ ਸਭਾ ਦੇ ਗਰੁੱਪ ’ਚ ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ, ਮਨੀਸ਼ ਤਿਵਾੜੀ, ਕੇ ਸੁਰੇਸ਼, ਮਨੀਕਮ ਟੈਗੋਰ, ਸ਼ਸ਼ੀ ਥਰੂਰ ਤੇ ਰਵਨੀਤ ਬਿੱਟੂ ਸ਼ਾਮਲ ਹਨ ਜਦਕਿ ਰਾਜ ਸਭਾ ਦੇ ਗਰੁੱਪ ’ਚ ਮਲਿਕਾਰਜੁਨ ਖੜਗੇ, ਆਨੰਦ ਸ਼ਰਮਾ, ਜੈਰਾਮ ਰਮੇਸ਼, ਅੰਬਿਕਾ ਸੋਨੀ, ਦਿਗਵਿਜੈ ਸਿੰਘ, ਪੀ ਚਿਦੰਬਰਮ ਤੇ ਕੇਸੀ ਵੇਣੂਗੋਪਾਲ ਸਰਕਾਰ ਖ਼ਿਲਾਫ਼ ਹਮਲੇ ਦੀ ਕਮਾਨ ਸੰਭਾਲਣਗੇ। ਉਨ੍ਹਾਂ ਕਿਹਾ ਕਿ ਉਹ ਸੈਸ਼ਨ ਦੌਰਾਨ ਰੋਜ਼ਾਨਾ ਮਿਲਦੇ ਰਹਿਣਗੇ ਤੇ ਜੇਕਰ ਜ਼ਰੂਰਤ ਪਈ ਤਾਂ ਖੜਗੇ ਦੋਵਾਂ ਸਦਨਾਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਸੱਦ ਸਕਣਗੇ। ਕਾਂਗਰਸ ਨੇ ਸੰਸਦ ਦੇ ਸੈਸ਼ਨ ਦੌਰਾਨ ਮਹਿੰਗਾਈ, ਵੱਧਦੀਆਂ ਤੇਲ ਕੀਮਤਾਂ, ਕੋਵਿਡ ਦਾ ਮਾੜਾ ਪ੍ਰਬੰਧਨ ਤੇ ਚੀਨ ਨਾਲ ਸਰਹੱਦੀ ਵਿਵਾਦ ਸਬੰਧੀ ਮਸਲੇ ਚੁੱਕਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ