ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਹੈ ਕਿ ਜੇ ਸਭ ਕੁਝ ਯੋਜਨਾ ਮੁਤਾਬਕ ਰਹਿੰਦਾ ਹੈ ਤਾਂ ਭਾਰਤ ਨੂੰ ਸਾਲ ਦੇ ਅਖ਼ੀਰ ਤੱਕ ਕਰੋਨਾਵਾਇਰਸ ਦਾ ਟੀਕਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਤਿੰਨ ਟੀਕੇ ਵਿਕਾਸ ਦੇ ਵੱਖ-ਵੱਖ ਗੇੜਾਂ ਵਿਚ ਹਨ। ਇਨ੍ਹਾਂ ਵਿਚੋਂ ਦੋ ਟੀਕੇ ਸਵਦੇਸ਼ੀ ਹਨ। ‘ਭਾਰਤ ਬਾਇਓਟੈੱਕ’ ਵੱਲੋਂ ਆਈਸੀਐਮਆਰ ਨਾਲ ਮਿਲ ਕੇ ਬਣਾਏ ਜਾ ਰਹੇ ਟੀਕੇ ਲਈ ਪਹਿਲੇ ਗੇੜ ਦੇ ਮਨੁੱਖੀ ਕਲੀਨੀਕਲ ਟਰਾਇਲ ਚੱਲ ਰਹੇ ਹਨ। ਇਕ ਟੀਕਾ ਜ਼ਾਇਡਸ ਕੈਡਿਲਾ ਲਿਮਿਟਡ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਟਰਾਇਲ ਦੂਜੇ ਗੇੜ ਵਿਚ ਦਾਖ਼ਲ ਹੋ ਗਏ ਹਨ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਜੋ ਕਿ ‘ਐਸਟਰਾਜ਼ੇਨੇਕਾ’ ਨਾਲ ਮਿਲ ਕੇ ਆਕਸਫੋਰਡ ’ਵਰਸਿਟੀ ਵੱਲੋਂ ਵਿਕਸਿਤ ਕੀਤੇ ਟੀਕੇ ਦਾ ਉਤਪਾਦਨ ਕਰਨਗੇ, ਵੀ ਤੀਜੇ ਗੇੜ ਦੇ ਟਰਾਇਲ ਅਗਲੇ ਹਫ਼ਤੇ ਸ਼ੁਰੂ ਕਰਨ ਜਾ ਰਹੇ ਹਨ। ਆਈਸੀਐਮਆਰ ਇਕ ਆਨਲਾਈਨ ਵੈਕਸੀਨ ਪੋਰਟਲ ਤਿਆਰ ਕਰ ਰਿਹਾ ਹੈ। ਇੱਥੇ ਦੁਨੀਆ ਭਰ ਤੇ ਭਾਰਤ ਵਿਚ ਵਿਕਸਿਤ ਕੀਤੇ ਜਾ ਰਹੇ ਟੀਕਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਜਾਣਕਾਰੀ ਖੇਤਰੀ ਭਾਸ਼ਾਵਾਂ ਵਿਚ ਵੀ ਦਿੱਤੀ ਜਾਵੇਗੀ। ਪੋਰਟਲ ਅਗਲੇ ਹਫ਼ਤੇ ਸ਼ੁਰੂ ਹੋਣ ਦੀ ਉਮੀਦ ਹੈ। –ਪੀਟੀਆਈ