ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਫਰਵਰੀ
ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਮਜ਼ਦੂਰ ਆਗੂ ਤੇ ਕਾਰਕੁਨ ਨੌਦੀਪ ਕੌਰ ਜ਼ਮਾਨਤ ਮਿਲਣ ਬਾਅਦ ਅੱਜ ਇੱਥੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਪੁੱਜੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖ਼ੀਰ ਤੱਕ ਲੜਦੀ ਰਹੇਗੀ। ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਨਹੀਂ ਬਲਕਿ ਛੋਟੇ ਕਿਸਾਨਾਂ, ਕਾਮਿਆਂ ਤੇ ਆਮ ਲੋਕਾਂ ਦਾ ਵੀ ਹੈ। ਇਸ ਅੰਦੋਲਨ ’ਚ ਸ਼ਾਮਲ ਹਰ ਵਿਅਕਤੀ ਸਰਕਾਰ ਦੀ ਰਾਜਨੀਤੀ ਤੋਂ ਅੱਕ ਚੁੱਕਾ ਹੈ, ਇਹ ਉਨ੍ਹਾਂ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨਾਲ ਟਕਰਾਅ ਹੋਇਆ ਤਾਂ ਪੁਲੀਸ ਨੇ ਸ਼ਿਵ ਕੁਮਾਰ ਤੇ ਉਸ (ਨੌਦੀਪ ਕੌਰ) ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ। ਨੌਦੀਪ ਨੇ ਦੋਸ਼ ਲਾਇਆ ਕਿ ਉਸ ਦੀ ਗ੍ਰਿਫ਼ਤਾਰੀ ਸਮੇਂ ਪੁਲੀਸ ਅਧਿਕਾਰੀ ਉਸ ਨੂੰ ਸੁੰਨਸਾਨ ਇਲਾਕੇ ’ਚ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਪੁਲੀਸ ਸਟੇਸ਼ਨ ਤੱਕ ਲਿਜਾਣ ਸਮੇਂ ਕੋਈ ਵੀ ਮਹਿਲਾ ਪੁਲੀਸ ਅਧਿਕਾਰੀ ਮੌਜੂਦ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਵਾਲਾਂ ਤੋਂ ਖਿੱਚਿਆ ਤੇ ਪੁਰਸ਼ ਪੁਲੀਸ ਅਧਿਕਾਰੀਆਂ ਨੇ ਕਥਿਤ ਕੁੱਟਮਾਰ ਦੌਰਾਨ ਉਸ ਦੇ ਗੁਪਤ ਅੰਗਾਂ ’ਤੇ ਸੱਟਾਂ ਮਾਰੀਆਂ। ਨੌਦੀਪ ਕੌਰ ਨੇ ਆਪਣੇ ਉਪਰ ਲੱਗੇ ਜਬਰਨ ਵਸੂਲੀ ਤੇ ਹੋਰ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਇਹ ਮਜ਼ਦੂਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਸ਼ਿਵ ਕੁਮਾਰ ਦੀ ਰਿਹਾਈ ਲਈ ਵੀ ਆਵਾਜ਼ ਉਠਾਉਣ ਦੀ ਮੰਗ ਕੀਤੀ। ਉਸ ਦੀ ਭੈਣ ਰਾਜਬੀਰ ਕੌਰ ਨੇ ਸਵਾਲ ਕੀਤਾ ਕਿ ਮਜ਼ਦੂਰਾਂ ਵੱਲੋਂ ਬਣਾਈ ਗਈ ਸੰਸਥਾ ਰਾਹੀਂ ਕੀ ਕੋਈ ਜਬਰ ਵਸੂਲੀ ਕਰ ਸਕਦਾ ਹੈ? ਉਸ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਖ਼ਿਲਾਫ਼ ਸਿਸਟਮ ਵੀ ਪੱਖਪਾਤੀ ਹੈ।