ਨਵੀਂ ਦਿੱਲੀ, 19 ਮਈ
ਕੋਵਿਡ- 19 ਵੈਕਸੀਨ ਮਾਮਲੇ ’ਤੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਮੋਦੀ ਸਰਕਾਰ ਕਰੋਨਾ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਸਾਰੇ ਯਤਨ ਕਰ ਰਹੀ ਹੈ। ‘ਸਵਦੇਸ਼ੀ ਜਾਗਰਣ ਮੰਚ’ ਦੇ ਸਮਾਗਮ ਮੌਕੇ ਸ੍ਰੀ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਹਾਮਾਰੀ ਦੌਰਾਨ ਮੁਲਕ ਵਿੱਚ ਹੋਰ ਜ਼ਿਆਦਾ ਫਾਰਮਾ ਕੰਪਨੀਆਂ ਨੂੰ ਕੋਵਿਡ- 19 ਵੈਕਸੀਨ ਦਾ ਉਤਪਾਦਨ ਵਧਾਉਣ ਲਈ ਆਗਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ,‘ਕੱਲ੍ਹ (ਮੰਗਲਵਾਰ) ਮੈਂ ਵੈਕਸੀਨ ਉਤਪਾਦਨ ਵਧਾਉਣ ਦਾ ਸੁਝਾਅ ਦਿੱਤਾ ਸੀ। ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੇਰੇ ਭਾਸ਼ਣ ਤੋਂ ਪਹਿਲਾਂ ਕੈਮੀਕਲ ਤੇ ਫਰਟੀਲਾਈਜ਼ਰਜ਼ ਮੰਤਰੀ ਮਨਸੁਖ ਮਾਂਡੀਆ ਸਰਕਾਰ ਵੱਲੋਂ ਵੈਕਸੀਨ ਉਤਪਾਦਨ ਵਧਾਉਣ ਸਬੰਧੀ ਯਤਨਾਂ ਬਾਰੇ ਦੱਸ ਚੁੱਕੇ ਸਨ।’ ਟਵਿਟਰ ’ਤੇ ਟਵੀਟ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ,‘ਕਾਨਫਰੰਸ ਮਗਰੋਂ ਉਨ੍ਹਾਂ ਮੈਨੂੰ ਦੱਸਿਆ ਕਿ ਭਾਰਤ ਸਰਕਾਰ 12 ਵੱਖੋ-ਵੱਖਰੇ ਪਲਾਂਟਾਂ ਤੇ ਕੰਪਨੀਆਂ ਨੂੰ ਵੈਕਸੀਨ ਉਤਪਾਦਨ ਦੀ ਆਗਿਆ ਦੇ ਚੁੱਕੀ ਹੈ ਜਿਸ ਨਾਲ ਭਵਿੱਖ ਵਿੱਚ ਵੈਕਸੀਨ ਦਾ ਉਤਪਾਦਨ ਵਧਣ ਦੀ ਆਸ ਹੈ।’ -ਪੀਟੀਆਈ
ਕੀ ਗਡਕਰੀ ਦੇ ਬੌਸ ਉਨ੍ਹਾਂ ਦੀ ਗੱਲ ਸੁਣ ਰਹੇ ਹਨ: ਕਾਂਗਰਸ
ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਹੋਰ ਜ਼ਿਆਦਾ ਫਾਰਮਾ ਕੰਪਨੀਆਂ ਨੂੰ ਕੋਵਿਡ- 19 ਵੈਕਸੀਨ ਬਣਾਉਣ ਲਈ ਆਗਿਆ ਦੇਣ ਸਬੰਧੀ ਕੀਤੀ ਸਿਫ਼ਾਰਸ਼ ਮਗਰੋਂ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਕੇਂਦਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਟਵੀਟ ਕੀਤਾ,‘ਪਰ ਕੀ ਉਨ੍ਹਾਂ ਦਾ ਬੌਸ ਇਹ ਗੱਲ ਸੁਣ ਰਿਹਾ ਹੈ? ਇਸੇ ਗੱਲ ਦਾ ਸੁਝਾਅ ਡਾ. ਮਨਮੋਹਨ ਸਿੰਘ ਨੇ 18 ਅਪਰੈਲ ਨੂੰ ਦਿੱਤਾ ਸੀ।’ ਉਨ੍ਹਾਂ ਸ੍ਰੀ ਗਡਕਰੀ ਵੱਲੋਂ ਇਹ ਬਿਆਨ ਦੇਣ ਵੇਲੇ ਦੀ ਵੀਡੀਓ ਵੀ ਸਾਂਝੀ ਕੀਤੀ। -ਆਈਏਐੱਨਐੱਸ