ਭਵਾਨੀਪਟਨਾ (ਉੜੀਸਾ), 25 ਅਗਸਤ
ਉੜੀਸਾ ਦੇ ਕਾਲਾਹਾਂਡੀ ਜ਼ਿਲ੍ਹੇ ਦੇ ਸਿਆਲੀਜੋੜੀ ਪਿੰਡ ਵਿੱਚ ਪਤਨੀ ਦੀ ਮੌਤ ਨਾਲ ਗਹਿਰੇ ਸਦਮੇ ਵਿੱਚ ਆਏ ਇੱਕ ਬਿਰਧ ਵਿਅਕਤੀ ਨੇ ਪਤਨੀ ਦੀ ਚਿਖਾ ਵਿੱਚ ਛਾਲ ਮਾਰ ਦਿੱਤੀ, ਜਿਸ ਕਾਰਨ ਸੜਨ ਕਰਕੇ ਉਸ ਦੀ ਵੀ ਮੌਤ ਹੋ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਰਾਏਬਾਰੀ (60) ਦੀ ਚਿਖਾ ਨੂੰ ਅੱਗ ਲਾਉਣ ਮਗਰੋਂ ਉਸ ਦੇ ਚਾਰ ਪੁੱਤਰ ਤੇ ਹੋਰ ਰਿਸ਼ਤੇਦਾਰ ਨੇੜੇ ਹੀ ਇਸ਼ਨਾਨ ਕਰਨ ਚਲੇ ਗਏ ਤਾਂ ਨੀਲਾਮਣੀ ਸਾਬਰ (65) ਨੇ ਅਚਾਨਕ ਚਿਖਾ ਵਿੱਚ ਛਾਲ ਮਾਰ ਦਿੱਤੀ। ਸਾਬਰ, ਜੋ ਕਿ ਆਪਣੀ ਗ੍ਰਾਮ ਪੰਚਾਇਤ ਦਾ ਸਾਬਕਾ ਸਮਿਤੀ ਮੈਂਬਰ ਵੀ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੇਗਾਓਂ ਪੁਲੀਸ ਥਾਣੇ ਦੇ ਇੰਸਪੈਕਟਰ ਦਾਮੂ ਪ੍ਰਜਾ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਪਰਿਵਾਰ ਤੇ ਪਿੰਡ ਵਾਲਿਆਂ ਦੇ ਬਿਆਨਾਂ ’ਤੇ ਗ਼ੈਰ-ਕੁਦਰਤੀ ਮੌਤ ਦਾ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ