ਨਵੀਂ ਦਿੱਲੀ/ਮੁੰਬਈ, 2 ਜੂਨ
ਚੱਕਰਵਾਤੀ ਤੂਫ਼ਾਨ ‘ਅੰਫਾਨ’ ਵੱਲੋਂ ਹਫ਼ਤਾ ਪਹਿਲਾਂ ਪੱਛਮੀ ਬੰਗਾਲ ਵਿੱਚ ਮਚਾਈ ਤਬਾਹੀ ਮਗਰੋਂ ਦੇਸ਼ ਨੇ ਇਕ ਹੋਰ ਚੱਕਰਵਾਤੀ ਤੂਫ਼ਾਨ ‘ਨਿਸਰਗ’ ਦੇ ਟਾਕਰੇ ਲਈ ਤਿਆਰੀ ਖਿੱਚ ਲਈ ਹੈ। ਅਰਬ ਸਾਗਰ ਵਿੱਚ ਬਣੇ ਦਬਾਅ ਕਰਕੇ ‘ਨਿਸਰਗ’ ਤੇਜ਼ੀ ਨਾਲ ਮਹਾਰਾਸ਼ਟਰ ਤੇ ਗੁਜਰਾਤ ਦੇ ਸਾਹਿਲਾਂ ਵੱਲ ਵਧ ਰਿਹਾ ਹੈ। ਇਸ ਦੇ ਭਲਕੇ ਮੁੰਬਈ ਦੇ ਸਾਹਿਲ ਨਾਲ ਟਕਰਾਉਣ ਦੀ ਉਮੀਦ ਹੈ। ਉਧਰ ਗੋਆ ਦੇ ਸਾਹਿਲ ’ਤੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐੱਨਡੀਆਰਐੱਫ ਦੀਆਂ ਟੀਮਾਂ ਫੌਰੀ ਹਰਕਤ ਵਿੱਚ ਆ ਗਈਆਂ ਹਨ ਤੇ ਮਛੇਰਿਆਂ ਨੂੰ ਵਾਪਸ ਸਾਹਿਲਾਂ ’ਤੇ ਆਉਣ ਲਈ ਆਖ ਦਿੱਤਾ ਗਿਆ ਹੈ। ਨੀਵੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਤਾਕੀਦ ਕੀਤੀ ਗਈ ਹੈ। ‘ਨਿਸਰਗ’ ਤੋਂ ਭਾਵ ਕੁਦਰਤ ਹੈ ਤੇ ਇਹ ਸ਼ਬਦ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵੱਲੋਂ ਘੜਿਆ ਗਿਆ ਹੈ। ‘ਨਿਸਰਗ’ ਦੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਪੱਛਮੀ ਸਾਹਿਲਾਂ ਨਾਲ ਟਕਰਾਉਣ ਦੇ ਅਨੁਮਾਨਾਂ ਦਰਮਿਆਨ ਸੂਬਾ ਸਰਕਾਰ ਨੇ ਰਾਹਤ ਕਾਰਜਾਂ ਲਈ ਕੌਮੀ ਆਫ਼ਤ ਰਿਸਪੌਂਸ ਫੋਰਸ (ਐੱਨਆਰਡੀਐੱਫ) ਦੀਆਂ ਦਸ ਟੀਮਾਂ ਤਾਇਨਾਤ ਕੀਤੀਆਂ ਹਨ।