ਨਵੀਂ ਦਿੱਲੀ, 28 ਨਵੰਬਰ
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਆਜ਼ਾਦੀ ਦੇ 75 ਸਾਲਾਂ ਮਗਰੋਂ ਵੀ ਅਸੀਂ ਜਾਤੀਵਾਦ ਨੂੰ ਅਜੇ ਤੱਕ ਜੜ੍ਹੋਂ ਨਹੀਂ ਪੁੱਟ ਸਕੇ ਤੇ ਜਾਤੀ ਆਧਾਰਿਤ ਹਿੰਸਕ ਘਟਨਾਵਾਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ। ਸਿਖਰਲੀ ਅਦਾਲਤ ਨੇ ਕਿਹਾ ਕਿ ਹੁਣ ਸਮਾਂ ਹੈ ਜਦੋਂ ਸਭਿਅਕ ਸਮਾਜ ਨੂੰ ਅੱਗੇ ਹੋ ਕੇ ਜਾਤ ਦੇ ਨਾਂ ’ਤੇ ਕੀਤੇ ਜਾਂਦੇ ਇਨ੍ਹਾਂ ਭਿਆਨਕ ਅਪਰਾਧਾਂ ਦਾ ਪੂਰੀ ਮਜ਼ਬੂਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਉਪਰੋਕਤ ਟਿੱਪਣੀਆਂ 1991 ਦੇ ਉੱਤਰ ਪ੍ਰਦੇਸ਼ ਅਣਖ ਖਾਤਰ ਕਤਲ, ਜਿਸ ਵਿੱਚ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ, ਨਾਲ ਜੁੜੇ ਕੇਸ ਵਿੱਚ ਦਾਖ਼ਲ ਪਟੀਸ਼ਨਾਂ ’ਤੇ ਫੈਸਲਾ ਸੁਣਾਉਣ ਮੌਕੇ ਕੀਤੀਆਂ ਸਨ। ਸੁਪਰੀਮ ਕੋਰਟ ਨੇ ਫੈਸਲੇ ਵਿੱਚ ਸਬੰਧਤ ਧਿਰਾਂ ਨੂੰ ਅਣਖ ਖਾਤਰ ਕਤਲ ਦੇ ਅਮਲ ਨੂੰ ਰੋਕਣ ਲਈ ਠੋਸ ਉਪਰਾਲੇ ਕਰਨ ਸਬੰਧੀ ਕਈ ਹਦਾਇਤਾਂ ਕੀਤੀਆਂ ਸਨ। ਜਸਟਿਸ ਐੱਲ.ਨਾਗੇਸ਼ਵਰ ਰਾਓ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਟਰਾਇਲ ਦੀ ਕਾਰਵਾਈ ਨੂੰ ਦਾਗ਼ਦਾਰ ਬਣਨ ਤੋਂ ਰੋਕਣ ਤੇ ‘ਸੱਚ ਨੂੰ ਮਰਨ ਤੋਂ ਬਚਾਉਣ’ ਲਈ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਸਰਕਾਰ ਦੀ ਆਪਣੀ ਭੂਮਿਕਾ ਹੈ। -ਪੀਟੀਆਈ