ਨਵੀਂ ਦਿੱਲੀ, 4 ਅਗਸਤ
ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਬਕਾ ਡਾਇਰੈਕਟਰ ਅਲੋਕ ਵਰਮਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੀ ਹੈ। ਵਰਮਾ ’ਤੇ ਅਹੁਦੇ ਦੀ ਦੁਰਵਰਤੋਂ ਅਤੇ ਸਬੰਧਤ ਸੇਵਾਂ ਨੇਮਾਂ ਦੀ ਉਲੰਘਣਾ ਦਾ ਦੋਸ਼ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਸੀਬੀਆਈ ਦੇ ਨੋਡਲ ਮੰਤਰਾਲੇ ਪਰਸੋਨਲ ਅਤੇ ਟਰੇਨਿੰਗ ਵਿਭਾਗ (ਡੀਓਪੀਟੀ) ਨੂੰ ਪੱਤਰ ਲਿਖ ਕੇ ਵਰਮਾ ਖ਼ਿਲਾਫ਼ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜੇਕਰ ਵਰਮਾ ਖ਼ਿਲਾਫ਼ ਕਾਰਵਾਈ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਨ੍ਹਾਂ ਦੀ ਪੈਨਸ਼ਨ ਅਤੇ ਸੇਵਾਮੁਕਤੀ ਲਾਭਾਂ ’ਤੇ ਆਰਜ਼ੀ ਜਾਂ ਪੱਕੀ ਰੋਕ ਲੱਗ ਸਕਦੀ ਹੈ। -ਏਜੰਸੀ