ਮੁੰਬਈ, 7 ਫਰਵਰੀ
ਹੌਲੀਵੁੱਡ ਦੀ ਉੱਘੀ ਅਦਾਕਾਰਾ ਸੂਸਨ ਸਰੈਂਡਨ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੁੜ ਆਵਾਜ਼ ਬੁਲੰਦ ਕੀਤੀ ਹੈ। ਸਰੈਂਡਨ ਨੇ ਕਿਹਾ ਕਿ ‘ਸਭ ਤੋਂ ਕਮਜ਼ੋਰਾਂ’ ਦੀ ਆਵਾਜ਼ ਨੂੰ ਖਾਮੋਸ਼ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਭਾਰਤੀ ਆਗੂ ਇਹ ਵੀ ਚੇਤਾ ਰੱਖਣ ਕਿ ਕੁੱਲ ਆਲਮ ਉਨ੍ਹਾਂ ਨੂੰ ਵੇਖ ਰਿਹਾ ਹੈ। ਸਰੈਂਡਨ ਨੇ ਸ਼ਨਿਚਰਵਾਰ ਸ਼ਾਮ ਨੂੰ ਕੀਤੇ ਟਵੀਟ ’ਚ ਅਲ ਜਜ਼ੀਰਾ ਦੀ ਨਿਊਜ਼ ਰਿਪੋਰਟ ਨੂੰ ਸਾਂਝਿਆਂ ਕਰਦਿਆਂ ਲਿਖਿਆ, ‘ਬੋਲਣ ਦੀ ਆਜ਼ਾਦੀ ਖ਼ਤਰੇ ’ਚ, ਭਾਰਤ ਕਿਸਾਨ ਅੰਦੋਲਨਾਂ ’ਤੇ ਸ਼ਿਕੰਜਾ ਕੱਸਣ ਲੱਗਾ। ਕਾਰਪੋਰੇਟਾਂ ਦਾ ਲਾਲਚ ਤੇ ਸ਼ੋਸ਼ਣ ਸਿਰਫ਼ ਅਮਰੀਕਾ ਤੱਕ ਸੀਮਤ ਨਹੀਂ, ਬਲਕਿ ਇਸ ਦੇ ਕਲਾਵੇ ’ਚ ਪੂਰਾ ਵਿਸ਼ਵ ਹੈ। ਮੀਡੀਆ ਤੇ ਸਿਆਸਤਦਾਨ ਸਭ ਤੋਂ ਕਮਜ਼ੋਰਾਂ/ਦੱਬੇ ਕੁਚਲਿਆਂ ਨੂੰ ਖਾਮੋਸ਼ ਕਰਨ ਦਾ ਕੰਮ ਕਰ ਰਹੇ ਹਨ, ਅਸੀਂ ਭਾਰਤ ਦੇ ਆਗੂਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੂਰਾ ਵਿਸ਼ਵ ਤੁਹਾਨੂੰ ਵੇਖ ਰਿਹਾ ਹੈ। ਅਸੀਂ ਕਿਸਾਨਾਂ ਤੇ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਾਂ।’ -ਪੀਟੀਆਈ