ਮੁੰਬਈ, 6 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਨੂੰ ਅੱਜ ਦੱਖਣੀ ਮੁੰਬਈ ਸਥਿਤ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ) ਲੈ ਕੇ ਗਈ ਜਿੱਥੋਂ ਉਸ ਨੇ ਕਾਰੋਬਾਰੀ ਮਨਸੁਖ ਹੀਰੇਨ ਦੇ ਕਤਲ ਵਾਲੇ ਦਿਨ ਠਾਣੇ ਤੋਂ ਰੇਲਗੱਡੀ ਫੜੀ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ 4 ਮਾਰਚ ਦੀ ਸੀਸੀਟੀਵੀ ਫੁਟੇਜ ਵਿੱਚ ਵਜ਼ੇ ਸੀਐੱਸਐੱਮਟੀ ਤੋਂ ਠਾਣੇ ਲਈ ਇੱਕ ਰੇਲਗੱਡੀ ’ਚ ਜਾਂਦਾ ਵਿਖਾਈ ਦਿੰਦਾ ਹੈ, ਇਸ ਲਈ ਏਜੰਸੀ ਦੀ ਇੱਕ ਟੀਮ ਇਸ ਦ੍ਰਿਸ਼ (ਸੀਨ) ਨੂੰ ਦਹੁਰਾਉਣ ਲਈ ਵਜ਼ੇ ਨੂੰ ਸੀਐੱਸਐੱਮਟੀ ਲੈ ਕੇ ਗਈ।
ਬਾਅਦ ’ਚ ਟੀਮ ਵਜ਼ੇ ਨੂੰ ਠਾਣੇ ਜ਼ਿਲ੍ਹੇ ’ਚ ਮੁੰਬਰਾ ਕ੍ਰੀਕ ਵੀ ਲੈ ਕੇ ਗਈ ਜਿੱਥੇ ਹੀਰੇਨ ਦੀ ਲਾਸ਼ 5 ਮਾਰਚ ਨੂੰ ਮਿਲੀ ਸੀ। ਕੌਮੀ ਜਾਂਚ ਏਜੰਸੀ ਵੱਲੋਂ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ 25 ਫਰਵਰੀ ਨੂੰ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਇੱਕ ਐੱਸਯੂਵੀ ਮਿਲਣ ਅਤੇ ਬਾਅਦ ’ਚ ਕਾਰੋਬਾਰੀ ਹੀਰੇਨ ਦਾ ਕਤਲ ਹੋ ਜਾਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਐੱਸਐੱਮਟੀ ’ਤੇ ਦ੍ਰਿਸ਼ ਨੂੰ ਮੁੜ ਦੁਹਰਾਉਣ ਮੌਕੇ ਐੱਨਆਈਏ ਅਧਿਕਾਰੀਆਂ ਨੇ ਵਜ਼ੇ ਨੂੰ ਪਲੈਟਫਾਰਮ ਨੰਬਰ 4 ’ਤੇ ਚੱਲਣ ਲਈ ਕਿਹਾ ਤਾਂ ਕਿ ਉਸਦੀ ਗਤੀਵਿਧੀ ਦਾ ਸੀਸੀਟੀਵੀ ਫੁਟੇਜ ਵਿੱਚ ਵਿਖਾਈ ਦੇ ਰਹੇ ਵਿਅਕਤੀ ਨਾਲ ਮੇਲ ਕੀਤਾ ਜਾ ਸਕੇ। ਐੱਨਆਈਏ ਟੀਮ ਨੇ ਸੀਐੱਸਐੱਮਟੀ ਅਤੇ ਮੁੰਬਰਾ ਕ੍ਰੀਕ ਦੋਵਾਂ ’ਤੇ ਇੱਕ-ਇੱਕ ਘੰਟਾ ਬਿਤਾਇਆ, ਜਿਸ ਦੌਰਾਨ ਏਜੰਸੀ ਨਾਲ ਕੁਝ ਗਵਾਹ, ਫੋਰੈਂਸਿਕ ਮਾਹਰ ਅਤੇ ਰੇਲਵੇ ਸੁਰੱਖਿਆ ਬਲ ਦੇ ਅਧਿਕਾਰੀ ਮੌਜੂਦ ਸਨ। –ਪੀਟੀਆਈ