ਸ੍ਰੀਨਗਰ, 12 ਅਗਸਤ
ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਹੋਏ ਇਕ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹੀਦੀਨ ਦਾ ਸਿਖਰਲਾ ਕਮਾਂਡਰ ਅਜ਼ਾਦ ਲਲਹਾਰੀ ਮਾਰਿਆ ਗਿਆ ਜਦੋਂਕਿ ਇਕ ਫ਼ੌਜੀ ਜਵਾਨ ਸ਼ਹੀਦ ਤੇ ਦੂਜਾ ਜ਼ਖਮੀ ਹੋ ਗਿਆ। ਰਿਆਜ਼ ਨਾਇਕੂ ਮਗਰੋਂ ਲਲਹਾਰੀ ਨੇ ਹਿਜ਼ਬੁਲ ਦੀ ਕਮਾਨ ਸੰਭਾਲੀ ਸੀ। ਡੀਜੀਪੀ ਦਿਲਬਾਗ਼ ਸਿੰਘ ਨੇ ਕਿਹਾ ਕਿ ਲਲਹਾਰੀ ਖ਼ਿਲਾਫ਼ ਛੇ ਕੇਸ ਦਰਜ ਸਨ ਤੇ ਉਹ ਹੈੱਡ ਕਾਂਸਟੇਬਲ ਅਨੂਪ ਸਿੰਘ ਦੀ ਹੱਤਿਆ ਸਮੇਤ ਹੋਰ ਕਈ ਵਾਰਦਾਤਾਂ ਲਈ ਲੋੜੀਂਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਸਲਾਮਤੀ ਦਸਤਿਆਂ ਨੇ ਇਲਾਕੇ ’ਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਪੁਖਤਾ ਸੂਹ ਮਿਲਣ ਮਗਰੋਂ ਅੱਜ ਵੱਡੇ ਤੜਕੇ ਪੁਲਵਾਮਾ ਦੇ ਕਾਮਰਾਜ਼ੀਪੋਰਾ ਪਿੰਡ ਵਿੱਚ ਸੇਬਾਂ ਦੇ ਬਾਗ਼ ’ਚ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਦੋ ਫੌਜੀ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫੌਰੀ ਫੌਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਸੁਰੱਖਿਆ ਕਰਮੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਇਕ ਦਹਿਸ਼ਤਗਰਦ ਵੀ ਮਾਰਿਆ ਗਿਆ। ਮੁਕਾਬਲੇ ਵਾਲੀ ਥਾਂ ਤੋਂ ਇਕ ਏਕੇ ਰਾਈਫ਼ਲ ਤੇ ਕੁਝ ਹੱਥਗੋਲੇ ਵੀ ਮਿਲੇ ਹਨ। ਅਜੇ ਤਕ ਮਾਰੇ ਗਏ ਦਹਿਸ਼ਤਗਰਦ ਦੀ ਪਛਾਣ ਨਹੀਂ ਹੋ ਸਕੀ। ਇਸ ਦੌਰਾਨ ਜੰਮੂ ਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ਦੀ ਗਸ਼ਤੀ ਟੁਕੜੀ ’ਤੇ ਕੀਤੀ ਫਾਇਰਿੰਗ ਵਿੱਚ ਇਕ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਅੱਜ ਦੁਪਹਿਰੇ ਪੌਣੇ ਤਿੰਨ ਵਜੇ ਦੇ ਕਰੀਬ ਬਾਰਾਮੂਲਾ ਦੇ ਹੈਗਮ ਵਿੱਚ 52 ਰਾਸ਼ਟਰੀ ਰਾਈਫ਼ਲਜ਼ ਯੂਨਿਟ ਦੀ ਗਸ਼ਤੀ ਟੁਕੜੀ ’ਤੇ ਗੋਲੀਆਂ ਚਲਾਈਆਂ। ਇਕ ਜਵਾਨ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਪੈੜ ਨੱਪਣ ਲਈ ਪੂਰੇ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਇਸ ਦੌਰਾਨ ਪਾਕਿਸਤਾਨੀ ਫ਼ੌਜ ਨੇ ਰਾਤ ਅੱਠ ਵਜੇ ਦੇ ਕਰੀਬ ਜੰਮੂ ਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਗੋਲੀਬੰਦੀ ਦੀ ਊਲੰਘਣਾ ਕਰਦਿਆਂ ਕੰਟਰੋਲ ਰੇਖਾ ਦੇ ਨਾਲ ਮੂਹਰਲੇ ਖੇਤਰਾਂ ਵਿੱਚ ਫਾਇਰਿੰਗ ਕੀਤੀ ਤੇ ਮੋਰਟਾਰ ਦਾਗ਼ੇ। ਪਾਕਿ ਫ਼ੌਜ ਦੀ ਇਸ ਹਿਮਾਕਤ ਦਾ ਭਾਰਤੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੱਤਾ।
-ਪੀਟੀਆਈ