ਜੰਮੂ, 13 ਸਤੰਬਰ
ਹਿਜ਼ਬੁਲ ਮੁਜਾਹਿਦੀਨ ਵੱਲੋਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਸਮੇਤ ਜੰਮੂ ਖੇਤਰ ਦੇ ਮੁੱਖ ਧਾਰਾ ਦੇ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲੀਸ ਨੇ ਐੱਫਆਈਆਰ ਦਰਜ ਕੀਤੀ ਹੈ।ਅਤਿਵਾਦੀ ਸਮੂਹ ਦੇ ਲੈਟਰ ਪੈਡ ‘ਤੇ ਉਰਦੂ ਵਿਚ ਲਿਖਿਆ ਦੋ ਪੰਨਿਆਂ ਵਾਲਾ ਪੱਤਰ ਜੇਕੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਰਮਨ ਭੱਲਾ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਭੇਜਿਆ ਗਿਆ। ਜੰਮੂ ਦੇ ਸੀਨੀਅਰ ਪੁਲੀਸ ਕਪਤਾਨ ਸ੍ਰੀਧਰ ਪਾਟਿਲ ਨੇ ਦੱਸਿਆ ਕਿ ਕਾਨੂੰਨ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸ੍ਰੀ ਭੱਲਾ ਨੇ ਕਿਹਾ ਕਿ ਉਹ ਪੱਤਰ ਮਿਲਣ ਤੋਂ ਤੁਰੰਤ ਬਾਅਦ ਪੁਲੀਸ ਨੂੰ ਸਾਰੀ ਜਾਣਕਾਰੀ ਦਿੱਤੀ। ਹਿਜ਼ਬੁਲ ਮੁਜਾਹਿਦੀਨ ਦੇ ਅਖੌਤੀ ਕਮਾਂਡਰ ਦੁਆਰਾ ਹਸਤਾਖਰ ਕੀਤੇ ਗਏ ਇਸ ਪੱਤਰ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ, ਭੱਲਾ, ਜੇਕੇ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ, ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ, ਨੈਸ਼ਨਲ ਕਾਨਫਰੰਸ ਦੇ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਰਾਣਾ, ਡੋਗਰਾ ਸਵੈਭਿਮਾਨ ਸੰਗਠਨ ਦੇ ਨੇਤਾ ਚੌਧਰੀ ਲਾਲ ਸਿੰਘ ਅਤੇ ਨੈਸ਼ਨਲ ਪੈਂਥਰਜ਼ ਪਾਰਟੀ ਦੇ ਚੇਅਰਮੈਨ ਹਰਸ਼ ਦੇਵ ਸਿੰਘ ਤੋਂ ਇਲਾਵਾ ਕਈ ਹੋਰ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਆਰਐੱਸਐੱਸ ਦੇ ਕਾਰਕੁਨਾਂ ਸਣੇ 17 ਨੇਤਾਵਾਂ ਦੇ ਨਾਂ ਸ਼ਾਮਲ ਸਨ। ਪੱਤਰ ਵਿਚ ਲਿਖਿਆ ਗਿਆ ਹੈ, “ਅਸੀਂ ਤੁਹਾਨੂੰ ਮੁੱਖਧਾਰਾ ਦੀ ਰਾਜਨੀਤੀ ਤਿਆਗ ਕਰਨ ਦੀ ਚਿਤਾਵਨੀ ਦਿੰਦੇ ਹਾਂ ਅਤੇ ਚਾਹੁੰਦੇ ਹਾਂ ਆਜ਼ਾਦੀ ਦੀ ਲੜਾਈ ਵਿੱਚ ਸਾਡਾ ਸਾਥ ਦਿੱਤਾ ਜਾਵੇ ਤੇ ਤੁਹਾਡੇ ਖ਼ਿਲਾਫ਼ ਮੌਤ ਦੇ ਵਾਰੰਟ ਜਾਰੀ ਹੋ ਚੁੱਕੇ ਹਨ। ਤੁਹਾਨੂੰ ਸਾਡੇ ਤੋਂ ਕੋਈ ਨਹੀਂ ਬਚਾ ਸਕਦਾ। ਇਸ ’ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਬੰਦੇ ਸੰਸਦ ਤੇ ਲਾਲ ਕਿਲ੍ਹੇ ਹਮਲਾ ਕਰ ਸਕਦੇ ਹਨ ਉਨ੍ਹਾਂ ਲਈ ਤੁਸੀਂ ਕੁੱਝ ਵੀ ਨਹੀਂ।” ਪੱਤਰ ਵਿੱਚ ਕਿਹਾ ਗਿਆ ਹੈ, “ਆਉਣ ਵਾਲੇ ਦਿਨਾਂ ਵਿੱਚ ਕਸ਼ਮੀਰ ਵਿੱਚ ਭਾਰਤ ਦਾ ਸਮਰਥਨ ਕਰਨ ਵਾਲਾ ਕੋਈ ਵੀ ਭਾਰਤੀ ਜਾਂ ਸਿਆਸਤਦਾਨ ਜ਼ਿੰਦਾ ਨਹੀਂ ਬਚੇਗਾ। ਜੰਮੂ ਦਾ ਅੱਧਾ ਹਿੱਸਾ ਪਹਿਲਾਂ ਹੀ ਸਾਡੇ ਨਾਲ ਹੈ ਪਰ ਕੁਝ ਸਿਆਸਤਦਾਨ ਅਜਿਹੇ ਹਨ ਜੋ ਸਾਡੀ ਆਜ਼ਾਦੀ ਦੇ ਰਾਹ ਵਿੱਚ ਰੋੜਾ ਹਨ।”