ਚੇਨੱਈ, 7 ਨਵੰਬਰ
ਚੇਨੱਈ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਾਤ ਭਰ ਭਾਰੀ ਮੀਂਹ ਵਰ੍ਹਿਆ। ਅਧਿਕਾਰੀਆਂ ਨੇ ਐਤਵਾਰ ਨੂੰ ਲੋਕਾਂ ਨੂੰ ਹੜ੍ਹਾਂ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਵਾਧੂ ਪਾਣੀ ਕੱਢਣ ਲਈ ਸ਼ਹਿਰ ਦੇ ਤਿੰਨ ਜਲ ਭੰਡਾਰਾਂ ਨੂੰ ਪੜਾਅਵਾਰ ਖੋਲ੍ਹਿਆ ਜਾਵੇਗਾ।
ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਉਚ ਅਧਿਕਾਰੀਆਂ ਨਾਲ ਮੀਂਹ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਇਲਾਕਿਆਂ ਵਿੱਚ ਖੜ੍ਹਾ ਪਾਣੀ ਤੁਰੰਤ ਕੱਢਣ ਦੀਆਂ ਹਦਾਇਤਾਂ ਦਿੱਤੀਆਂ। ਸਟਾਲਿਨ ਨੇ ਆਪਣੇ ਕੈਬਨਿਟ ਮੰਤਰੀਆਂ ਨਾਲ ਪ੍ਰਭਾਵਿਤ ਇਲਾਕਿਆਂ ਨਾਲ ਸਬੰਧਤ ਲੋਕਾਂ ਨੂੰ ਚੌਲ, ਦੁੱਧ ਤੇ ਚਾਦਰਾਂ ਵੰਡੀਆਂ ਅਤੇ ਰਹਿਣ ਲਈ ਆਰਜ਼ੀ ਪ੍ਰਬੰਧ ਕੀਤੇ। ਸਿਹਤ ਮੰਤਰੀ ਮਾ ਸੁਬਰਾਮਨੀਅਨ ਨੇ ਕਿਹਾ ਕਿ ਲੰਘੀ ਰਾਤ ਤੋਂ 12 ਘੰਟਿਆਂ ਦੇ ਵਕਫੇ ਦੌਰਾਨ ਚੇਨੱਈ ਵਿੱਚ ਭਰਵਾਂ ਮੀਂਹ ਪਿਆ। ਜਲ ਸੋਮਿਆਂ ਨਾਲ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਚੇਨੱਈ ਸ਼ਹਿਰ ਦੇ ਪੀਣ ਵਾਲੇ ਪਾਣੀ ਦੇ ਅਹਿਮ ਦੋ ਸੋਮੇ ਚਮਬਰਮਬਕਮ ਅਤੇ ਪੁਜ਼ਹਲ ਜਲ ਭੰਡਾਰਾਂ ਦੇ ਗੇਟ ਖੋਲ੍ਹ ਦਿੱਤੇ ਗਏ ਹਨ ਤਾਂ ਜੋ ਵਾਧੂ ਪਾਣੀ ਕੱਢਿਆ ਜਾ ਸਕੇ। ਇਸੇ ਤਰ੍ਹਾਂ ਕੌਮੀ ਆਫ਼ਤ ਪ੍ਰਬੰਧਨ ਦਸਤੇ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। -ਪੀਟੀਆਈ