ਪਣਜੀ: ਪੱਤਰਕਾਰ ਤਰੁਣ ਤੇਜਪਾਲ ਨੂੰ 2013 ਦੇ ਜਬਰ ਜਨਾਹ ਦੇ ਇੱਕ ਮਾਮਲੇ ’ਚ ਬਰੀ ਕੀਤੇ ਜਾਣ ਦੇ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਗੋਆ ਸਰਕਾਰ ਦੀ ਅਪੀਲ ’ਤੇ ਬੰਬਈ ਹਾਈ ਕੋਰਟ ਦੇ ਗੋਆ ਬੈਂਚ ਨੇ ਅੱਜ ਸੁਣਵਾਈ 29 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਐੱਮਐੱਸ ਸੋਨਕ ਤੇ ਜਸਟਿਸ ਐੱਮਐੱਸ ਜਵਾਲਕਰ ਦੇ ਬੈਂਚ ਨੇ ਸਰਕਾਰ ਨੂੰ ਉਨ੍ਹਾਂ ਦੀ ਅਪੀਲ ’ਚ ਸੋਧ ਕਰਨ ਤੇ ਉਸ ਦੀ ਇੱਕ ਕਾਪੀ ਨਾਲ ਸਾਰੇ ਸਬੰਧਤ ਦਸਤਾਵੇਜ਼ ਤੇਜਪਾਲ ਨੂੰ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਤੇਜਪਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਬੈਂਚ ਨੂੰ ਕਿਹਾ ਕਿ ਇਨ੍ਹਾਂ ਨੂੰ ਤਿਆਰ ਕਰਨ ’ਚ ਥੋੜਾ ਸਮਾਂ ਲੱਗੇਗਾ। ਇਸ ’ਤੇ ਬੈਂਚ ਨੇ ਕਿਹਾ ਕਿ ਉਹ 29 ਜੁਲਾਈ ਨੂੰ ਅਪੀਲ ’ਤੇ ਸੁਣਵਾਈ ਕਰਨਗੇ। ਬੈਂਚ ਨੇ ਇੱਕ ਹਫ਼ਤੇ ਅੰਦਰ ਅਪੀਲ ’ਚ ਸੁਧਾਰ ਕਰਨ ਤੇ ਉਸ ਤੋਂ ਬਾਅਦ ਇੱਕ ਕਾਪੀ ਦੇਣ ਦੇ ਨਿਰਦੇਸ਼ ਦਿੱਤੇ। -ਪੀਟੀਆਈ