ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਖੇਤੀ ਕਾਨੂੰਨਾਂ ਦਾ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲੀਸ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਟਿਕਰੀ ਤੋਂ ਬਾਅਦ ਹੁਣ ਸਿੰਘੂ ਤੇ ਗਾਜ਼ੀਪੁਰ ਦੇ ਧਰਨਿਆਂ ਵੱਲ ਜਾਂਦੇ ਰਾਹਾਂ ਵਿਚ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ ਤਾਂ ਕਿ ਕਿਸਾਨ ਦਿੱਲੀ ਵਿੱਚ ਦਾਖ਼ਲ ਨਾ ਹੋ ਸਕਣ। ਦਿੱਲੀ ਪੁਲੀਸ ਵੱਲੋਂ ਕੀਤੇ ਸੁਰੱਖਿਆ ਬੰਦੋਬਸਤਾਂ ’ਤੇ ਕਾਂਗਰਸੀ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਤਿੱਖੇ ਵਿਅੰਗ ਕੱਸੇ ਹਨ। ਪ੍ਰਿਯੰਕਾ ਨੇ ਕਿਹਾ, ‘ਪ੍ਰਧਾਨ ਮੰਤਰੀ ਜੀ, ਆਪਣੇ ਹੀ ਕਿਸਾਨਾਂ ਨਾਲ ਯੁੱਧ?’ ਰਾਹੁਲ ਗਾਂਧੀ ਨੇ ਚਾਰ ਫੋਟੋਆਂ ਸਾਂਝੀਆਂ ਕੀਤੀਆਂ ਤੇ ਕੇਂਦਰ ਸਰਕਾਰ ਨੂੰ ਚੋਭ ਲਾਈ ਕਿ ‘ਭਾਰਤ ਸਰਕਾਰ ਪੁਲ਼ ਬਣਾਉਂਦੀ ਹੈ ਨਾ ਕਿ ਕੰਧਾਂ (ਰੋਕਾਂ) ਉਸਾਰਦੀ ਹੈ।’ ਪ੍ਰਿਯੰਕਾ ਗਾਂਧੀ ਨੇ ਵੀ ਗਾਜ਼ੀਪੁਰ ਬਾਰਡਰ ਦੀ ਇਕ ਵੀਡੀਓ ਕਲਿੱਪ ਸਾਂਝੀ ਕੀਤੀ ਜਿਸ ਵਿੱਚ ਅਰਧ ਸੈਨਿਕ ਬਲਾਂ ਦੀ ਮੌਜੂਦਗੀ ਵਿੱਚ ਦਿੱਲੀ ਪੁਲੀਸ ਨੇ ਦਿੱਲੀ-ਗਾਜ਼ੀਆਬਾਦ ਮਾਰਗ ’ਤੇ ਮਜ਼ਬੂਤ ਰੋਕਾਂ ਲਾ ਕੇ ਆਮ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ। ਪੁਲੀਸ ਨੇ ਸੀਮਿੰਟ ਦੇ ਵੱਡੇ ਬਲਾਕ ਸੜਕਾਂ ’ਤੇ ਧਰ ਕੇ ਉੱਪਰ ਕੰਡਿਆਲੀ ਤਾਰ ਬੰਨ੍ਹ ਦਿੱਤੀ ਹੈ। ਸੜਕਾਂ ਪੁੱਟ ਕੇ ਉਨ੍ਹਾਂ ਉਪਰ ਲੋਹੇ ਦੇ ਮੋਟੇ ਤਿੱਖੇ ਕਿੱਲ ਸੀਮਿੰਟ ਨਾਲ ਜੜ ਦਿੱਤੇ ਗਏ ਹਨ ਤਾਂ ਕਿ ਕਿਸਾਨ ਟਰੈਕਟਰ ਜਾਂ ਹੋਰ ਕੋਈ ਗੱਡੀ ਲੈ ਕੇ ਦਿੱਲੀ ਵੱਲ ਨਾ ਵਧ ਸਕਣ। ਸੀਮਿੰਟ ਦੇ ਬਲਾਕਾਂ ਨੂੰ ਸਰੀਏ ਪਾ ਦਿੱਤੇ ਹਨ। ਮੋਰਚਿਆਂ ਨੂੰ ਜਾਂਦੇ ਛੋਟੇ ਰਾਹਾਂ ਉਪਰ ਰੋਕਾਂ ਲਾ ਦਿੱਤੀਆਂ ਗਈਆਂ ਹਨ ਜਾਂ ਡੂੰਘੇ ਟੋਏ ਪੁੱਟ ਦਿੱਤੇ ਹਨ। ਸਿੰਘੂ ਬਾਰਡਰ ’ਤੇ ਤਾਂ ਮੀਡੀਆ ਕਰਮੀ ਵੀ ਨਹੀਂ ਜਾ ਸਕਦੇ। ਸਿੰਘੂ ਵੱਲ ਪੈਦਲ ਜਾਣ ਦੇ ਰਾਹ ਵੀ ਬੰਦ ਕਰ ਦਿੱਤੇ ਗਏ ਹਨ।
ਕਿਸਾਨਾਂ ਦੀ ਪਿੱਠ ’ਤੇ ਆਏ ਸਥਾਨਕ ਲੋਕ
ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਡਟੇ ਕਿਸਾਨਾਂ ਨੂੰ ਬਿਜਲੀ, ਪਾਣੀ ਤੇ ਸੈਨੀਟੇਸ਼ਨ ਪੱਖੋਂ ਦਰਪੇਸ਼ ਮੁਸ਼ਕਲਾਂ ਦਰਮਿਆਨ ਸਥਾਨਕ ਲੋਕ ਹੁਣ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੂਹਰੇ ਹੋ ਕੇ ਬਾਂਹ ਫੜਨ ਲੱਗੇ ਹਨ। ਆਪਣੇ ਘਰ ਤੋਂ ਬਿਜਲੀ ਕੁਨੈਕਸ਼ਨ ਦੇਣਾ ਹੋਵੇ ਜਾਂ ਫਿਰ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਪਖਾਨੇ ਤੇ ਗੁਸਲਖਾਨੇ ਤੱਕ ਰਸਾਈ, ਸਥਾਨਕ ਲੋਕਾਂ ਵਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੇ ਆਏ ਧਰਮਿੰਦਰ ਸਿੰਘ ਨੇ ਕਿਹਾ, ‘ਸਾਨੂੰ 27 ਜਨਵਰੀ ਤੋਂ ਰਾਤ ਸਮੇਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹੈ। ਜੇ ਸਥਾਨਕ ਲੋਕ ਨਾ ਹੁੰਦੇ ਤਾਂ ਸਾਨੂੰ ਸਾਰੀ ਰਾਤ ਬਿਨਾਂ ਬਿਜਲੀ ਤੋਂ ਕੱਟਣੀ ਪੈਂਦੀ। ਉਹ ਬਿਜਲੀ ਤੇ ਹੋਰ ਚੀਜ਼ਾਂ ਨਾਲ ਸਾਡੀ ਮਦਦ ਕਰ ਰਹੇ ਹਨ ਤੇ ਇਸ ਲਈ ਇਕ ਪੈਸਾ ਵੀ ਨਹੀਂ ਲੈਂਦੇ।’
-ਪੀਟੀਆਈ