ਨਵੀਂ ਦਿੱਲੀ: ਸੁਪਰੀਮ ਕੋੋਰਟ ਨੇ ਅੱਜ ਕਿਹਾ ਹਾਥਰਸ ਕੇਸ ਦੀ ਸੀਬੀਆਈ ਜਾਂਚ ਹੁਣ ਅਲਾਹਾਬਾਦ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇਗੀ। ਅਦਾਲਤ ਨੇ ਕਿਹਾ ਕਿ ਜਾਂਚ ਦੀ ਨਿਗਰਾਨੀ ਤੇ ਪੀੜਤ ਪਰਿਵਾਰ ਸਮੇਤ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸਮੇਤ ਕੇਸ ਨਾਲ ਸਬੰਧਤ ਸਾਰੇ ਪਹਿਲੂਆਂ ’ਤੇ ਹਾਈ ਕੋਰਟ ਨੂੰ ਗੌਰ ਕਰਨੀ ਹੋਵੇਗੀ। ਚੀਫ਼ ਜਸਟਿਸ ਐੱਸ.ਏ.ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕੇਸ ਦੀ ਸੁਣਵਾਈ ਉੱਤਰ ਪ੍ਰਦੇਸ਼ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕਰਦੀ ਪਟੀਸ਼ਨ ’ਤੇ ਫੈਸਲਾ ਸੀਬੀਆਈ ਜਾਂਚ ਮੁਕੰਮਲ ਹੋਣ ਮਗਰੋਂ ਲਿਆ ਜਾਵੇਗਾ। ਚੇਤੇ ਰਹੇ ਕਿ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ ਵਿੱਚ 19 ਸਾਲਾ ਦਲਿਤ ਲੜਕੀ ਨਾਲ ਕਥਿਤ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ ਤੇ ਜਿਸ ਦੀ ਮਗਰੋਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਜਸਟਿਸ ਏੇ.ਐੱਸ.ਬੋਪੰਨਾ ਤੇ ਵੀ.ਰਾਮਾਸੁਬਰਾਮਨੀਅਨ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਯੂਪੀ ਸਰਕਾਰ ਦੀ ਅਪੀਲ ’ਤੇ ਗੌਰ ਕਰਦਿਆਂ ਅਲਾਹਾਬਾਦ ਹਾਈ ਕੋਰਟ ਨੂੰ ਉਸ ਕੋਲ ਬਕਾਇਆ ਪਈ ਇਕ ਜਨਹਿੱਤ ਪਟੀਸ਼ਨ ’ਤੇ ਸੁਣਾਏ ਫੈਸਲੇ ਵਿੱਚੋਂ ਪੀੜਤਾ ਦਾ ਨਾਮ ਹਟਾਉਣ ਲਈ ਵੀ ਕਿਹਾ ਹੈ। ਚੇਤੇ ਰਹੇ ਕਿ ਕੁਝ ਕਾਰਕੁਨਾਂ ਤੇ ਵਕੀਲਾਂ ਨੇ ਸਿਖਰਲੀ ਅਦਾਲਤ ਵਿੱਚ ਪਟੀਸ਼ਨਾਂ ਦਾਖ਼ਲ ਕਰਕੇ ਦਾਅਵਾ ਕੀਤਾ ਸੀ ਯੂਪੀ ਵਿੱਚ ਕੇਸ ਦੀ ਨਿਰਪੱਖ ਜਾਂਚ ਸੰਭਵ ਨਹੀਂ ਹੈ, ਲਿਹਾਜ਼ਾ ਕੇਸ ਨੂੰ ਸੂਬੇ ਤੋਂ ਬਾਹਰ ਤਬਦੀਲ ਕੀਤਾ ਜਾਵੇ। -ਪੀਟੀਆਈ