ਆਤਿਸ਼ ਗੁਪਤਾ
ਚੰਡੀਗੜ੍ਹ, 19 ਮਈ
ਹਰਿਆਣਾ ਸਰਕਾਰ ਨੇ ਸੂਬੇ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਤਾਲਾਬੰਦੀ 24 ਮਈ ਤੱਕ ਵਧਾ ਦਿੱਤੀ ਹੈ। ਪਿੰਡਾਂ ’ਚ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਹਿਸਾਰ ਦੇ ਪਿੰਡ ਮਸੂਦਪੁਰ, ਜੀਂਦ ਦੇ ਪਿੰਡ ਨੇਈਸਕੇ ਅਤੇ ਦਨੌਦਾ ਵਾਸੀਆਂ ਨੇ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਹਿਸਾਰ-ਚੰਡੀਗੜ੍ਹ ਸੜਕ ’ਤੇ ਪ੍ਰਦਰਸ਼ਨ ਵੀ ਕੀਤਾ।
ਪਿੰਡ ਦਨੌਦਾ ਵਾਸੀਆਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ’ਤੇ ਪਾਬੰਦੀਆਂ ਲਗਾ ਰਹੇ ਹਨ ਜਦਕਿ ਉਹ ਹਸਪਤਾਲਾਂ ਦੇ ਉਦਘਾਟਨ ਦੇ ਨਾਮ ’ਤੇ ਸੈਂਕੜੇ ਲੋਕ ਇਕੱਠੇ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਖੁਦ ਨਿਯਮਾਂ ਦੀ ਪਾਲਣਾ ਕਰਨ ਅਤੇ ਉਸ ਤੋਂ ਬਾਅਦ ਹੀ ਲੋਕ ਨਿਯਮਾਂ ਦੀ ਪਾਲਣਾ ਕਰਨਗੇ। ਪਿੰਡ ਵਾਸੀਆਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਨਾ ਮਾਸਕ ਪਹਿਨੇਗਾ ਅਤੇ ਪਹਿਲਾਂ ਵਾਂਗ ਹੀ ਉਹ ਘਰਾਂ ਤੋਂ ਬਾਹਰ ਨਿਕਲਣਗੇ।
ਕਰੋਨਾ ਪ੍ਰਬੰਧਾਂ ਦੇ ਨੋਡਲ ਅਧਿਕਾਰੀ ਪਾਲੇ ਰਾਮ ਕਟਾਰੀਆ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਇਹ ਫ਼ੈਸਲਾ ਸੂਬੇ ਦੇ ਲੋਕਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੀਂਦ ਜ਼ਿਲ੍ਹੇ ਵਿੱਚ 70 ਅਜਿਹੇ ਪਿੰਡ ਹਨ, ਜਿੱਥੇ ਕਰੋਨਾ ਦੇ 20-20 ਕੇਸ ਪਾਜ਼ੇਟਿਵ ਮਿਲੇ ਹਨ। ਸ੍ਰੀ ਕਟਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਰਹਿਣ ਅਤੇ ਹਰ ਸਮੇਂ ਮਾਸਕ ਦੀ ਵਰਤੋਂ ਕਰਨ।