ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਰ, 6 ਨਵੰਬਰ
ਹਰਿਆਣਾ ਸਰਕਾਰ ਨੇ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਵਿੱਚ ਤਰਜੀਹ ਦੇਣ ਸਬੰਧੀ ਐਕਟ ਨੂੰ ਅੱਜ ਨੋਟੀਫਾਈ ਕਰ ਦਿੱਤਾ ਹੈ। ਇਹ ਐਕਟ ਸੂਬੇ ਵਿੱਚ 15 ਜਨਵਰੀ 2022 ਤੋਂ ਲਾਗੂ ਹੋ ਜਾਵੇਗਾ। ਇਹ ਐਕਟ ਇਸੇ ਵਰ੍ਹੇ 2 ਮਾਰਚ ਨੂੰ ਪਾਸ ਕੀਤਾ ਗਿਆ ਸੀ ਜਿਸ ਅਨੁਸਾਰ ਪ੍ਰਾਈਵੇਟ ਖੇਤਰ ਵਿੱਚ ਨੌਕਰੀਆਂ ਲਈ ਹਰਿਆਣਾ ਦੇ ਨੌਜਵਾਨਾਂ ਵਾਸਤੇ 75 ਫੀਸਦ ਕੋਟਾਂ ਰਾਖਵਾਂ ਰੱਖਿਆ ਗਿਆ ਹੈ। ਇਸ ਐਕਟ ਬਾਰੇ ਬਿਆਨ ਜਾਰੀ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅੱਜ ਇਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਜਿਸ ਵਿੱਚ ਨੌਕਰੀਆਂ ਲਈ ਮਹੀਨਾਵਾਰ ਤਨਖਾਹਾਂ ਸਬੰਧੀ ਉਪਰਲੀ ਲਿਮਟ ਨੂੰ ਘਟਾ ਕੇ 50 ਹਜ਼ਾਰ ਤੋਂ 30 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।