ਨਵੀਂ ਦਿੱਲੀ, 19 ਅਪਰੈਲ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਸਰਕਾਰ ਦੀ ਨੁਕਤਾਚੀਨੀ ਕਰਨ ਅਤੇ ਪ੍ਰਧਾਨ ਮੰਤਰੀ ਨੂੰ ਪੰਜ ਸੁਝਾਅ ਦੇਣ ਦੀ ਆਲੋਚਨਾ ਕਰਦਿਆਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਦੋਸ਼ ਲਾਇਆ ਕਿ ਮਹਾਮਾਰੀ ਦੀ ਦੂਜੀ ਲਹਿਰ ਕਾਂਗਰਸ ਸ਼ਾਸਿਤ ਸੂਬਿਆਂ ਕਾਰਨ ਫੈਲੀ ਕਿਉਂਕਿ ਉਹ ਵੈਕਸੀਨ ਬਾਰੇ ਸ਼ੰਕੇ ਖੜ੍ਹੇ ਕਰਦੇ ਰਹੇ। ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸ ਆਗੂ ਵੱਲੋਂ ਪੱਤਰ ਲਿਖਣ ਵਾਲਿਆਂ ਨੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਹੈ। ਹਰਸ਼ ਵਰਧਨ ਨੇ ਮਨਮੋਹਨ ਸਿੰਘ ਨੂੰ ਟਵੀਟ ਕੀਤੇ ਗਏ ਇਕ ਪੱਤਰ ’ਚ ਦਾਅਵਾ ਕੀਤਾ,‘‘ਡਾ. ਮਨਮੋਹਨ ਸਿੰਘ ਜੀ, ਜੇਕਰ ਤੁਹਾਡੀ ਹਾਂ-ਪੱਖੀ ਸਹਿਯੋਗ ਦੀ ਪੇਸ਼ਕਸ਼ ਅਤੇ ਬੇਸ਼ਕੀਮਤੀ ਸਲਾਹ ਨੂੰ ਅਜਿਹੇ ਮੁਸ਼ਕਲ ਸਮੇਂ ’ਚ ਤੁਹਾਡੇ ਕਾਂਗਰਸ ਆਗੂ ਹੀ ਮੰਨ ਲੈਣ ਤਾਂ ਇਤਿਹਾਸ ਤੁਹਾਡਾ ਸ਼ੁਕਰਗੁਜ਼ਾਰ ਹੋਵੇਗਾ।’’ ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ ਵੈਕਸੀਨ ਨੂੰ ਜਾਇਜ਼ ਦੱਸ ਰਹੇ ਹੋ ਪਰ ਕੁਝ ਕਾਂਗਰਸ ਆਗੂਆਂ ਦੇ ਗ਼ੈਰਜ਼ਿੰਮੇਵਾਰਾਨਾ ਬਿਆਨਾਂ ਕਾਰਨ ਕਾਂਗਰਸ ਸ਼ਾਸਿਤ ਕੁਝ ਸੂਬਿਆਂ ’ਚ ਬਜ਼ੁਰਗਾਂ ਅਤੇ ਮੋਹਰਲੀ ਕਤਾਰ ’ਚ ਤਾਇਨਾਤ ਵਰਕਰਾਂ ਦੇ ਟੀਕਾਕਰਨ ’ਚ ਕਮੀ ਆਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਲੋਕਾਂ ਦੇ ਟੀਕਾਕਰਨ ਵੱਲ ਧਿਆਨ ਦੇਣ ਦੀ ਬਜਾਏ ਸਿਆਸਤ ਕਰਨ ’ਤੇ ਜ਼ੋਰ ਲਾਇਆ। -ਪੀਟੀਆਈ
ਕਾਂਗਰਸ ਨੇ ਮੋਦੀ ਦੀਆਂ ਰੈਲੀਆਂ ’ਤੇ ਸਵਾਲ ਉਠਾਏ
ਨਵੀਂ ਦਿੱਲੀ: ਨਵੀਂ ਦਿੱਲੀ: ਕਾਂਗਰਸ ਨੇ ਅੱਜ ਵਧ ਰਹੇ ਕਰੋਨਾਵਾਇਰਸ ਕੇਸਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ’ਤੇ ਸਵਾਲ ਉਠਾਏ। ਵਿਰੋਧੀ ਧਿਰ ਨੇ ਕਿਹਾ ਕਿ ਮੋਦੀ ਕੇਂਦਰ ਵਿਚ ‘ਆਪਣੀ ਜ਼ਿੰਮੇਵਾਰ ਭੁੱਲ ਕੇ’ ਪੱਛਮੀ ਬੰਗਾਲ ਵਿਚ ਰੈਲੀਆਂ ਕਰ ਰਹੇ ਹਨ। ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਕਿਹਾ ਕਿ ਮੋਦੀ ਇਕ ਦਿਨ ਵਿਚ ਚਾਰ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ਵਿਚ ਐਨਾ ਕੀ ਮਹੱਤਵਪੂਰਨ ਹੈ ਜੋ ਪ੍ਰਧਾਨ ਮੰਤਰੀ ਦਾ ਸੰਬੋਧਨ ਕਰਨਾ ਜ਼ਰੂਰੀ ਹੈ। ਕੀ ਇਹ ਹਾਰ ਦਾ ਡਰ ਤਾਂ ਨਹੀਂ ਹੈ? ਚਿਦੰਬਰਮ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਵੋਟਰ ਅਗਲੇ ਤਿੰਨ ਗੇੜਾਂ ਵਿਚ ਪ੍ਰਧਾਨ ਮੰਤਰੀ ਵੱਲੋਂ ਵਰਤੀ ਅਣਗਹਿਲੀ ਦਾ ਉਨ੍ਹਾਂ ਨੂੰ ਜਵਾਬ ਦੇਣਗੇ। ਕਾਂਗਰਸ ਆਗੂ ਅਸ਼ੋਕ ਚਵਾਨ ਤੇ ਸੁਪ੍ਰਿਆ ਸ੍ਰੀਨੇਤ ਨੇ ਵੀ ਮੋਦੀ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਉਤੇ ਸਵਾਲ ਉਠਾਇਆ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਲਾਨ ਕੀਤਾ ਸੀ ਕਿ ਉਹ ਮਹਾਮਾਰੀ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਆਪਣੀਆਂ ਰਹਿੰਦੀਆਂ ਰੈਲੀਆਂ ਰੱਦ ਕਰ ਰਹੇ ਹਨ। -ਪੀਟੀਆਈ