ਦੇਹਰਾਦੂਨ, 17 ਮਈ
ਇੱਥੇ ਸੋਮਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਥੋਂ ਦੇ ਇੱਕ ਨਿੱਜੀ ਹਸਪਤਾਲ ਨੇ ਕਥਿਤ ਤੌਰ ’ਤੇ ਨਿਯਮਾਂ ਦਾ ਉਲੰਘਣ ਕਰਦਿਆਂ ਸਿਹਤ ਅਧਿਕਾਰੀਆਂ ਤੋਂ ਕਰੋਨਾ ਮਰੀਜ਼ਾਂ ਦੀ ਮੌਤ ਦਾ ਅੰਕੜਾ ਲੁਕਾਇਆ ਹੈ। ਉਨ੍ਹਾਂ ਦੱਸਿਆ ਕਿ ਹਰਿਦੁਆਰ ਦੇ ਬਾਬਾ ਬਰਫਾਨੀ ਹਸਪਤਾਲ ਵਿੱਚ 25 ਅਪਰੈਲ ਤੋਂ ਲੈ ਕੇ 12 ਮਈ ਤੱਕ 65 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਸੀ ਪਰ ਹਸਪਤਾਲ ਨੇ ਸੂਬੇ ਦੇ ਕੋਵਿਡ ਕੰਟਰੋਲ ਰੂਮ ਤੋਂ ਇਹ ਅੰਕੜੇ ਲੁਕਾ ਲਏ ਸਨ। ਸੂਬੇ ਦੇ ਕੋਵਿਡ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਕਾਨੂੰਨੀ ਕਾਰਵਾਈ ਦਾ ਡਰ ਦਿਖਾਇਆ ਗਿਆ ਤਾਂ ਕਰੋਨਾ ਮਰੀਜ਼ਾਂ ਦਾ ਮੌਤ ਦੇ ਅੰਕੜਿਆਂ ਦਾ ਸੱਚ ਸਾਹਮਣੇ ਆ ਸਕਿਆ ਹੈ। ਮੁੱਖ ਅਧਕਾਰੀ ਅਭਿਸ਼ੇਕ ਤ੍ਰਿਪਾਠੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਹਸਪਤਾਲਾਂ ਲਈ 24 ਘੰਟੇ ਦੇ ਅੰਦਰ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦੀ ਮੌਤ ਦਾ ਅੰਕੜਾ ਕੋਵਿਡ ਕੰਟਰੋਲ ਰੂਮ ਨੂੰ ਦੇਣਾ ਜ਼ਰੂਰੀ ਹੁੰਦਾ ਹੈ। ਕੈਬਨਿਟ ਮੰਤਰੀ ਅਤੇ ਸੂਬਾ ਸਰਕਾਰ ਦੇ ਬੁਲਾਰੇ ਸੁਬੋਧ ਉਨਿਆਲ ਨੇ ਕਿਹਾ ਕਿ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਤਰਾਖੰਡ ਦੇ ਸਿਹਤ ਸਕੱਤਰ ਅਮਿਤ ਨੇਗੀ ਨੇ ਸਾਰੇ ਹਸਪਤਾਲਾਂ ਨੂੰ ਪੱਤਰ ਲਿਖ ਕੇ ਕਰੋਨਾ ਮਰੀਜ਼ਾਂ ਦੀ ਮੌਤ ਸਬੰਧੀ ਸਾਰੀ ਜਾਣਕਾਰੀ ਪਹਿਲ ਦੇ ਅਧਾਰ ’ਤੇ ਕੋਵਿਡ ਕੰਟਰੋਲ ਰੂਮ ’ਚ ਦੇਣ ਦੀ ਤਾਕੀਦ ਕੀਤੀ ਸੀ ਤੇ ਅਜਿਹਾ ਨਾ ਕਰਨ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਤਾੜਨਾ ਵੀ ਕੀਤੀ ਸੀ। -ਪੀਟੀਆਈ