ਹਿਮਾਚਲ ਕਾਂਗਰਸ ਦੇ ਹੱਥ : The Tribune India

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ਬਹੁਮਤ * ਆਸ਼ਾ ਕੁਮਾਰੀ ਡਲਹੌਜ਼ੀ ਤੋਂ ਹਾਰੀ * ਜੈਰਾਮ ਠਾਕੁਰ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ

ਹਿਮਾਚਲ ਕਾਂਗਰਸ ਦੇ ਹੱਥ

ਕੁੱਲੂ ਵਿੱਚ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਾਂਗਰਸੀ ਵਰਕਰ। -ਫੋਟੋ: ਪੀਟੀਆਈ

ਸ਼ਿਮਲਾ, 8 ਦਸੰਬਰ

ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਹਰ ਪੰਜ ਸਾਲ ਮਗਰੋਂ ਸੂਬੇ ਵਿੱਚ ਸਰਕਾਰ ਬਦਲਣ ਦੀ ਆਪਣੀ ਰਵਾਇਤ ਨੂੰ ਕਾਇਮ ਰੱਖਦਿਆਂ ਐਤਕੀਂ ਕਾਂਗਰਸ ਵਿੱਚ ਵਿਸ਼ਵਾਸ ਜਤਾਇਆ ਹੈ। ਕਾਂਗਰਸ 68 ਮੈਂਬਰੀ ਵਿਧਾਨ ਸਭਾ ਵਿੱਚ 40 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਹੈ। ਸੂਬੇ ਵਿੱਚ ਮੁੜ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੇ 18 ਸੀਟਾਂ ਜਿੱਤੀਆਂ ਹਨ ਜਦੋਂਕਿ ਸੱਤ ਹੋਰਨਾਂ ਸੀਟਾਂ ’ਤੇ ਉਸ ਦੇ ਉਮੀਦਵਾਰ ਅੱਗੇ ਸਨ। ਇਸ ਦੌਰਾਨ ਤਿੰਨ ਅਜ਼ਾਦ ਉਮੀਦਵਾਰ ਵੀ ਜੇਤੂ ਰਹੇ। ਸਾਰੀਆਂ ਸੀਟਾਂ ਤੋਂ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਖਾਤਾ ਖੋਲ੍ਹਣ ਵਿੱਚ ਵੀ ਨਕਾਮ ਰਹੀ। ਇਸ ਦੌਰਾਨ ਕਾਂਗਰਸ ਨੇ ਚੋਣ ਨਤੀਜਿਆਂ ਮਗਰੋਂ ਆਪਣੇ ਨਵੇਂ ਚੁਣੇ ਵਿਧਾਇਕਾਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਕਾਂਗਰਸ ਪ੍ਰਧਾਨ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਨ ਦੇ ਅਧਿਕਾਰ ਦਿੱਤੇ ਹਨ।

ਸ਼ਿਮਲਾ ’ਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਅਰਲੇਕਰ ਨੂੰ ਅਸਤੀਫ਼ਾ ਸੌਂਪਦੇ ਹੋਏ ਜੈਰਾਮ ਠਾਕੁਰ। -ਫੋਟੋ: ਪੀਟੀਆਈ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਨੂੰ ਮਿਲੀ ‘ਫੈਸਲਾਕੁਨ ਜਿੱਤ’ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਯਕੀਨ ਦਿਵਾਇਆ ਕਿ ਪਾਰਟੀ ਵੱਲੋਂ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਉਧਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ਸਤਿਕਾਰ ਕਰਦੇ ਹੋਏ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਠਾਕੁਰ ਨੇ ਕਿਹਾ, ‘‘ਅਸੀਂ ਵੰਡਪਾਊ ਸਿਆਸਤ ਤੋਂ ਉਪਰ ਉੱਠ ਕੇ ਉਸਾਰੂ ਹਮਾਇਤ ਦੇਵਾਂਗੇ, ਪਰ ਜਿੱਥੇ ਸਾਨੂੰ ਲੱਗੇਗਾ ਕਿ ਰਾਜ ਦੇ ਹਿੱਤਾਂ ਦੀ ਸੁਰੱਖਿਆ ਨਹੀਂ ਹੋ ਰਹੀ, ਉਥੇ ਅਸੀਂ ਇਨ੍ਹਾਂ ਮੁੱਦਿਆਂ ਨੂੰ ਲੋਕਾਂ ਅੱਗੇ ਰੱਖਾਂਗੇ।’’ ਠਾਕੁਰ ਨੇ ਆਸ ਜਤਾਈ ਕਿ ਨਵੀਂ ਸਰਕਾਰ ਆਪਣੇ ਵਾਅਦਿਆਂ ਨੂੰ ਪੁਗਾਏਗੀ। ਕਾਬਿਲੇਗੌਰ ਹੈ ਕਿ ਭਾਜਪਾ ਨੇ ਹਿਮਾਚਲ ਵਿੱਚ ਐਤਕੀਂ ‘ਰਾਜ ਨਹੀਂ, ਰਿਵਾਜ ਬਦਲੇਗਾ’ ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਸੂਬੇ ਦੇ ਲੋਕਾਂ ਨੇ ਰੱਦ ਕਰ ਦਿੱਤਾ। ਸੱਤਾ ਵਿਰੋਧੀ ਲਹਿਰ ਕਰਕੇ ਸਾਲ 1985 ਤੋਂ ਕੋਈ ਵੀ ਸਰਕਾਰ ਮੁੜ ਸੱਤਾ ਵਿੱਚ ਵਾਪਸੀ ਨਹੀਂ ਕਰ ਸਕੀ, ਜਿਸ ਕਰ ਕੇ ਹਰ ਪੰਜ ਸਾਲ ਬਾਅਦ ਪਹਾੜੀ ਰਾਜ ਵਿੱਚ ਸੱਤਾ ਤਬਦੀਲੀ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਾੜੀ ਰਾਜ ਦੇ ਵੋਟਰਾਂ ਵੱਲੋਂ ਦਿੱਤੀ ਹਮਾਇਤ ਤੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਮੁੱਦੇ ਚੁੱਕਣ ਲਈ ਕੰਮ ਕਰੇਗੀ।

ਕਾਂਗਰਸ ਨੇ ਚੋਣ ਪ੍ਰਚਾਰ ਦੌਰਾਨ ਹਿਮਾਚਲ ਦੇ ਲੋਕਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਨੌਜਵਾਨਾਂ ਨੂੰ ਰੁਜ਼ਗਾਰ ਸਮੇਤ ਹੋਰ ਕਈ ਵਾਅਦੇ ਕੀਤੇ ਸਨ। ਜੈਰਾਮ ਠਾਕੁਰ ਮੰਡੀ ਜ਼ਿਲ੍ਹੇ ਦੀ ਸਿਰਾਜ ਸੀਟ ਤੋਂ ਜਿੱਤਣ ਵਿੱਚ ਸਫ਼ਲ ਰਹੇ ਜਦੋਂਕਿ ਸੁਰੇਸ਼ ਭਾਰਦਵਾਜ, ਰਾਮ ਲਾਲ ਮਾਰਕੰਡਾ ਤੇ ਸੁਰਵੀਨ ਚੌਧਰੀ ਸਣੇ ਉੁਨ੍ਹਾਂ ਦੇ ਕਈ ਮੰਤਰੀ ਚੋਣ ਹਾਰ ਗਏ। ਸਾਬਕਾ ਕੇਂਦਰੀ ਮੰਤਰੀ ਸੁਖ ਰਾਮ ਦਾ ਪੁੱਤਰ ਅਨਿਲ ਸ਼ਰਮਾ ਮੰਡੀ ਸਦਰ ਤੋਂ ਭਾਜਪਾ ਲਈ ਮੁੜ ਸੀਟ ਜਿੱਤਣ ਵਿੱਚ ਕਾਮਯਾਬ ਰਿਹਾ। ਭਾਜਪਾ ਉਮੀਦਵਾਰ ਡੀ.ਐੱਸ.ਠਾਕੁਰ ਨੇ ਡਲਹੌਜ਼ੀ ਤੋਂ ਛੇ ਵਾਰ ਦੀ ਕਾਂਗਰਸੀ ਵਿਧਾਇਕ ਆਸ਼ਾ ਕੁਮਾਰੀ ਨੂੰ 9918 ਵੋਟਾਂ ਦੇ ਫ਼ਰਕ ਨਾਲ ਹਰਾਇਆ। ਆਸ਼ਾ ਕੁਮਾਰੀ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰਾਂ ’ਚੋਂ ਇਕ ਸੀ। ਤਿੰਨ ਆਜ਼ਾਦ ਉਮੀਦਵਾਰਾਂ ਵਿਚੋਂ ਹੁਸ਼ਿਆਰ ਸਿੰਘ ਦੇਹਰਾ ਤੋਂ ਅਤੇ ਕੇ.ਐੱਲ.ਠਾਕੁਰ ਨਾਲਾਗੜ੍ਹ ਸੀਟ ਤੋਂ ਜਿੱਤ ਗੲੇ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦਾ ਪੁੱਤਰ ਤੇ ਸ਼ਿਮਲਾ (ਰੂਰਲ) ਤੋਂ ਮੌਜੂਦਾ ਕਾਂਗਰਸੀ ਵਿਧਾਇਕ ਵਿਕਰਮਾਦਿੱਤਿਆ ਸਿੰਘ ਵੀ ਆਪਣੀ ਸੀਟ ਕੱਢਣ ਵਿੱਚ ਸਫ਼ਲ ਰਿਹਾ। ਸਿੰਘ ਨੇ ਭਾਜਪਾ ਦੇ ਰਵੀ ਕੁਮਾਰ ਮਹਿਤਾ ਨੂੰ 13,860 ਵੋਟਾਂ ਨਾਲ ਹਰਾਇਆ। ਕਾਂਗਰਸ ਦੇ ਹਿਮਾਚਲ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਰਾਜੀਵ ਸ਼ੁਕਲਾ ਨੇ ਕਿਹਾ ਕਿ ਪਾਰਟੀ ਸੂਬੇ ਵਿੱਚ ਸਰਕਾਰ ਬਣਾਉਣ ਦੇ ਮਿਲੇ ਮੌਕੇ ਤੋਂ ਖ਼ੁਸ਼ ਹੈ। ਸ਼ੁਕਲਾ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ ਪਹਾੜੀ ਰਾਜ ਵਿੱਚ ਚੋਣ ਪ੍ਰਚਾਰ ਦੀ ਕਮਾਨ ਖੁ਼ਦ ਆਪਣੇ ਹੱਥਾਂ ਵਿੱਚ ਲਈ। ਉਨ੍ਹਾਂ ਗਾਂਧੀ ਦੇ ਯੋਗਦਾਨ ਨੂੰ ਸਰਾਹਿਆ। -ਪੀਟੀਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All