ਅਹਿਮਦਾਬਾਦ, 21 ਫਰਵਰੀ
ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਗੁਜਰਾਤ ਦੀਆਂ ਛੇ ਨਗਰ ਨਿਗਮਾਂ ਲਈ ਵੋਟਾਂ ਪਈਆਂ। ਅਹਿਮਦਾਬਾਦ, ਵਡੋਦਰਾ, ਸੂਰਤ, ਰਾਜਕੋਟ, ਜਾਮਨਗਰ ਅਤੇ ਭਾਵਨਗਰ ਦੀਆਂ ਨਗਰ ਨਿਗਮਾਂ ਦੇ ਵੱਖ ਵੱਖ ਵਾਰਡਾਂ ਲਈ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਈ ਜਿਸ ਮਗਰੋਂ ਲੋਕ ਵੋਟਿੰਗ ਕੇਂਦਰਾਂ ਦੇ ਬਾਹਰ ਕਤਾਰਾਂ ’ਚ ਦਿਖਾਈ ਦਿੱਤੇ। ਵੱਖ ਵੱਖ ਬੂਥਾਂ ’ਤੇ ਬਜ਼ੁਰਗ ਵੋਟਰ ਵੀ ਦੇਖੇ ਗਏ। ਸਥਾਨਕ ਸੰਸਦ ਮੈਂਬਰ, ਵਿਧਾਇਕ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਵੀ ਵੋਟ ਪਾਉਣ ਲਈ ਵੋਟਿੰਗ ਕੇਂਦਰਾਂ ’ਤੇ ਪਹੁੰਚੇ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਣੇ ਪਰਿਵਾਰ ਸਮੇਤ ਅਹਿਮਦਾਬਾਦ ਨਗਰ ਨਿਗਮ ਦੀ ਚੋਣ ਲਈ ਇੱਕ ਵੋਟ ਕੇਂਦਰ ਜਾ ਕੇ ਆਪਣੀ ਵੋਟ ਪਾਈ। ਉਨ੍ਹਾਂ ਇਨ੍ਹਾਂ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ। ਇਸੇ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਸ਼ਾਮ ਨੂੰ ਆਪਣੇ ਘਰੇਲੂ ਸ਼ਹਿਰ ਰਾਜਕੋਟ ਜਾ ਕੇ ਵੋਟ ਪਾਈ। ਉਨ੍ਹਾਂ ਦੀ ਕਰੋਨਾ ਰਿਪੋਰਟ ਅੱਜ ਨੈਗੇਟਿਵ ਆਈ ਹੈ ਅਤੇ ਉਹ ਕਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅੰਜਲੀ ਰੁਪਾਨੀ ਵੀ ਸੀ। -ਪੀਟੀਆਈ