ਗੁਜਰਾਤ ਚੋਣਾਂ: ਦੂਜੇ ਗੇੜ ’ਚ 58.80 ਫ਼ੀਸਦ ਵੋਟਿੰਗ : The Tribune India

ਗੁਜਰਾਤ ਚੋਣਾਂ: ਦੂਜੇ ਗੇੜ ’ਚ 58.80 ਫ਼ੀਸਦ ਵੋਟਿੰਗ

ਅਹਿਮਦਾਬਾਦ, 5 ਦਸੰਬਰ

ਮੁੱਖ ਅੰਸ਼

  • ਮੋਦੀ, ਸ਼ਾਹ, ਭੁਪੇਂਦਰ ਪਟੇਲ, ਇਸੂਦਾਨ ਅਤੇ ਰਾਠਵਾ ਨੇ ਪਾਈਆਂ ਵੋਟਾਂ
  • ਹਿਮਾਚਲ ਪ੍ਰਦੇਸ਼ ਦੇ ਨਾਲ ਗੁਜਰਾਤ ਚੋਣਾਂ ਦੇ ਨਤੀਜੇ 8 ਨੂੰ

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਗੇੜ ਦੌਰਾਨ ਸੋਮਵਾਰ ਨੂੰ 93 ਸੀਟਾਂ ’ਤੇ ਔਸਤਨ 58.80 ਫ਼ੀਸਦ ਵੋਟਾਂ ਪਈਆਂ। ਇਹ ਸੀਟਾਂ ਅਹਿਮਦਾਬਾਦ, ਵਡੋਦਰਾ ਅਤੇ ਗਾਂਧੀਨਗਰ ਸਮੇਤ 14 ਜ਼ਿਲ੍ਹਿਆਂ ’ਚ ਪੈਂਦੀਆਂ ਹਨ। ਪਹਿਲੇ ਗੇੜ ’ਚ 89 ਸੀਟਾਂ ’ਤੇ 63.31 ਫ਼ੀਸਦ ਮੱਤਦਾਨ ਹੋਇਆ ਸੀ। ਚੋਣਾਂ ਦੇ ਨਤੀਜੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਾਲ 8 ਦਸੰਬਰ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ਇਕ-ਦੋ ਘਟਨਾਵਾਂ ਨੂੰ ਛੱਡ ਕੇ ਪੋਲਿੰਗ ਅਮਨ-ਅਮਾਨ ਨਾਲ ਮੁਕੰਮਲ ਹੋ ਗਈ। ਇਨ੍ਹਾਂ 93 ਸੀਟਾਂ ’ਤੇ 2017 ’ਚ 69.99 ਫ਼ੀਸਦ ਵੋਟਿੰਗ ਹੋਈ ਸੀ। ਗੁਜਰਾਤ ’ਚ ਪੰਜ ਸਾਲ ਪਹਿਲਾਂ ਕੁੱਲ ਮਿਲਾ ਕੇ 68.41 ਫ਼ੀਸਦ ਵੋਟਿੰਗ ਹੋਈ ਸੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੂਦਾਨ ਗੜ੍ਹਵੀ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਉਮੀਦਵਾਰ ਸੁਖਰਾਮ ਰਾਠਵਾ ਨੇ ਆਪਣੀਆਂ ਵੋਟਾਂ ਪਾਈਆਂ। ਦੂਜੇ ਗੇੜ ’ਚ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ 832 ਹੋਰ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਸ਼ੁਰੂ ਹੋਣ ਮਗਰੋਂ 41 ਬੈਲੇਟ ਯੂਨਿਟਾਂ, 40 ਕੰਟਰੋਲ ਯੂਨਿਟਾਂ ਅਤੇ 109 ਵੀਵੀਪੈਟਾਂ ’ਚ ਨੁਕਸ ਪੈਣ ਕਾਰਨ ਉਨ੍ਹਾਂ ਨੂੰ ਬਦਲਿਆ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ

ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਸ਼ਹਿਰ ਦੇ ਰਨਿਪਾ ਇਲਾਕੇ ਦੇ ਨਿਸ਼ਾਨ ਹਾਈ ਸਕੂਲ ’ਚ ਬਣੇ ਪੋਲਿੰਗ ਸਟੇਸ਼ਨ ’ਤੇ ਲਾਈਨ ’ਚ ਲੱਗ ਕੇ ਆਪਣੇ ਹੱਕ ਦੀ ਵਰਤੋਂ ਕੀਤੀ। ਉਨ੍ਹਾਂ ਦਾ ਵੱਡਾ ਭਰਾ ਸੋਮਾਭਾਈ ਮੋਦੀ ਇਥੇ ਰਹਿੰਦਾ ਹੈ ਅਤੇ ਸ੍ਰੀ ਮੋਦੀ ਦਾ ਪਤਾ ਇਸੇ ਘਰ ਦਾ ਹੈ। ਵੋਟ ਪਾਉਣ ਤੋਂ ਬਾਅਦ ਮੋਦੀ ਪੋਲਿੰਗ ਬੂਥ ਦੇ ਬਾਹਰ ਉਂਗਲ ’ਤੇ ਲੱਗੇ ਸਿਆਹੀ ਦੇ ਨਿਸ਼ਾਨ ਨੂੰ ਦਿਖਾਉਂਦੇ ਹੋਏ ਇਲਾਕੇ ’ਚ ਪੈਦਲ ਹੀ ਨਿਕਲ ਪਏ। ਉਨ੍ਹਾਂ ਲੋਕਾਂ ਦਾ ਪਿਆਰ ਵੀ ਕਬੂਲਿਆ ਜੋ ‘ਮੋਦੀ ਮੋਦੀ’ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਦੀ ਮਾਂ ਹੀਰਾਬਾ ਨੇ ਗਾਂਧੀਨਗਰ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ।

ਮੁੱਖ ਮੰਤਰੀ ਭੁਪੇਂਦਰ ਪਟੇਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਸ਼ਹਿਰ ਦੇ ਨਰਾਨਪੁਰਾ ਦੇ ਮਿਉਸਿਪਲ ਸੈਂਟਰ ’ਤੇ ਆਪਣੀ ਵੋਟ ਪਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਹਰ ਕਿਸੇ ਦੀ ਗੱਲ ਸੁਣਦੇ ਹਨ ਪਰ ਜੋ ਸੱਚ ਹੁੰਦਾ ਹੈ, ਉਸ ਨੂੰ ਸਵੀਕਾਰ ਕਰਨਾ ਉਨ੍ਹਾਂ ਦਾ ਸੁਭਾਅ ਹੈ। ਉਨ੍ਹਾਂ ਵਧੀਆ ਢੰਗ ਨਾਲ ਚੋਣਾਂ ਕਰਾਉਣ ਅਤੇ ਭਾਰਤੀ ਜਮਹੂਰੀਅਤ ਦੀ ਸ਼ਾਨ ਪੂਰੀ ਦੁਨੀਆ ’ਚ ਵਧਾਉਣ ਲਈ ਚੋਣ ਕਮਿਸ਼ਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਵੋਟਰਾਂ ਨੇ ‘ਜਮਹੂਰੀਅਤ ਦੇ ਮੇਲੇ’ ਦਾ ਜਸ਼ਨ ਪੂਰੇ ਉਤਸ਼ਾਹ ਨਾਲ ਮਨਾਇਆ। ‘ਆਪ’ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੀ ਖੰਭਾਲੀਆ ਸੀਟ ਤੋਂ ਉਮੀਦਵਾਰ ਇਸੂਦਾਨ ਗੜ੍ਹਵੀ , ਜਿਥੇ ਪਹਿਲੀ ਦਸੰਬਰ ਨੂੰ ਪਹਿਲੇ ਗੇੜ ਦੀਆਂ ਵੋਟਾਂ ਪਈਆਂ ਸਨ,ਨੇ ਅਹਿਮਦਾਬਾਦ ਦੇ ਗੁੰਮਾ ਦੇ ਬੂਥ ’ਤੇ ਆਪਣੀ ਵੋਟ ਪਾਈ। ਦੂਜੇ ਗੇੜ ਦੀਆਂ ਚੋਣਾਂ ’ਚ ਭੁਪੇਂਦਰ ਪਟੇਲ ਤੋਂ ਇਲਾਵਾ ਭਾਜਪਾ ਦੇ ਹਾਰਦਿਕ ਪਟੇਲ ਤੇ ਅਲਪੇਸ਼ ਠਾਕੋਰ ਅਤੇ ਕਾਂਗਰਸ ਦੇ ਜਿਗਨੇਸ਼ ਮੇਵਾਨੀ ਵੀ ਉਮੀਦਵਾਰ ਹਨ। -ਪੀਟੀਆਈ

‘ਆਪ’ ਉਮੀਦਵਾਰ ਇਸੂਦਾਨ ਗੜਵੀ ਵੋਟ ਪਾਉਣ ਮਗਰੋਂ ਉਂਗਲੀ ’ਤੇ ਲੱਗਿਆ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ

ਰਾਹੁਲ ਵੱਲੋਂ ਪਰਿਵਰਤਨ ਅਤੇ ਸ਼ਾਹ ਨੇ ਬਿਹਤਰ ਭਵਿੱਖ ਲਈ ਵੋਟ ਪਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀ ਵੋਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਬਿਹਤਰ ਭਵਿੱਖ ਲਈ ਵੋਟਾਂ ਪਾਉਣ ਦੀ ਅਪੀਲ ਕੀਤੀ ਜਦਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਕਿਹਾ ਕਿ ਉਹ ਸੂਬੇ ’ਚ ਪਰਿਵਰਤਨ ਲਈ ਵੋਟਾਂ ਪਾਉਣ। ਸ਼ਾਹ ਨੇ ਵੋਟਰਾਂ ਖਾਸ ਕਰ ਕੇ ਨੌਜਵਾਨਾਂ ਨੂੰ ਕਿਹਾ ਕਿ ਉਹ ਵੱਡੀ ਗਿਣਤੀ ’ਚ ਬਾਹਰ ਆ ਕੇ ਭਾਜਪਾ ਸਰਕਾਰ ਨੂੰ ਵੱਡੇ ਬਹੁਮਤ ਨਾਲ ਚੁਣਨ ਲਈ ਵੋਟਾਂ ਪਾਉਣ। ਸ਼ਾਹ ਨੇ ਕਿਹਾ ਕਿ ਗੁਜਰਾਤ ਦਾ ਸੁਨਹਿਰਾ ਭਵਿੱਖ ਉਨ੍ਹਾਂ ਦੇ ਵੋਟਾਂ ’ਤੇ ਨਿਰਭਰ ਹੈ। ਉਧਰ ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਗੁਜਰਾਤ ’ਚ ਪਰਿਵਰਤਨ ਲਿਆ ਕੇ ਕਾਂਗਰਸ ਨੌਜਵਾਨਾਂ, ਕਿਸਾਨਾਂ, ਮਹਿਲਾਵਾਂ ਅਤੇ ਹਰੇਕ ਨਾਗਰਿਕ ਨਾਲ ਕੀਤੇ ਵਾਅਦੇ ਪੂਰੇ ਕਰੇਗੀ। -ਆਈਏਐੱਨਐੱਸ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All