ਬੰਗਲੂਰੂ, 30 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਹਰੇਕ ਪਿੰਡ ਨੂੰ ਹਾਈ-ਸਪੀਡ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕੁੱਲ ਆਲਮ ਦੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਡਿਜੀਟਲ ਤੇ ਟੈਕਨਾਲੋਜੀ ਪੁਲਾੜ ਵਿੱਚ ਉਪਲਬਧ ਮੌਕਿਆਂ ਦਾ ਲਾਹਾ ਲੈਣ ਤੇ ਭਾਰਤ ਵਿੱਚ ਨਿਵੇਸ਼ ਕਰਨ। ਸ੍ਰੀ ਮੋਦੀ ਨੇ ਮੌਜੂਦਾ ਸਮੇਂ ਨੂੰ ਤਕਨਾਲੋਜੀ ਦਾ ਯੁੱਗ ਕਰਾਰ ਦਿੰਦਿਆਂ ਤਕਨਾਲੋਜੀ ਦੇ ਫਾਇਦਿਆਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਤੇ ਨਵੀਆਂ ਕਾਢਾਂ ਵਿੱਚ ਨਿਵੇਸ਼ ਕਰਨਾ ਅਹਿਮ ਹੈ। ਪ੍ਰਧਾਨ ਮੰਤਰੀ ਇਥੇ ਬੌਸ਼ ਇੰਡੀਆ ਦੇ ਨਵੇਂ ‘ਸਮਾਰਟ’ ਕੈਂਪਸ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ।
ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਉੱਭਰਦੇ ਪ੍ਰਮੁੱਖ ਅਰਥਚਾਰਿਆਂ ’ਚੋਂ ਇਕ ਹੈ ਤੇ ਪਿਛਲੇ ਦੋ ਸਾਲਾਂ ਵਿੱਚ ਨਿਵੇਸ਼ ਨੇ ਰਫ਼ਤਾਰ ਫੜੀ ਹੈ। ਉਨ੍ਹਾਂ ਕਿਹਾ, ‘‘ਸਾਡੇ ਨੌਜਵਾਨਾਂ ਦਾ ਧੰਨਵਾਦ, ਸਾਡਾ ਸਟਾਰਟ-ਅੱਪ ਈਕੋ ਸਿਸਟਮ ਵਿਸ਼ਵ ਵਿੱਚ ਸਭ ਤੋਂ ਵੱਡਾ ਹੈ। ਤਕਨਾਲੋਜੀ ਦੀ ਦੁਨੀਆ ਵਿੱਚ ਉਂਜ ਵੀ ਬਹੁਤ ਮੌਕੇ ਹਨ।’’ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਹਰੇਕ ਪਿੰਡ ਵਿੱਚ ਹਾਈ ਸਪੀਡ ਇੰਟਰਨੈੱਟ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਨਰਿੰਦਰ ਮੋਦੀ ਨੇ ਕਿਹਾ, ‘‘ਡਿਜੀਟਲ ਇੰਡੀਆ ਬਾਰੇ ਸਾਡੇ ਦ੍ਰਿਸ਼ਟੀਕੋਣ ਵਿੱਚ ਸਰਕਾਰ ਦੇ ਹਰ ਪਹਿਲੂ ਨਾਲ ਤਕਨਾਲੋਜੀ ਨੂੰ ਰਲਗੱਡ ਕਰਨਾ ਹੈ। ਮੈਂ ਕੁਲ ਆਲਮ ਨੂੰ ਅਪੀਲ ਕਰਾਂਗਾ ਕਿ ਉਹ ਇਨ੍ਹਾਂ ਮੌਕਿਆਂ ਦਾ ਲਾਹਾ ਲੈਣ ਤੇ ਸਾਡੇ ਦੇਸ਼ ਵਿੱਚ ਨਿਵੇਸ਼ ਕਰਨ।’’ -ਪੀਟੀਆਈ
‘ਦੇਸ਼ ਦੇ ਐੱਮਐੱਸਐੱਮਈ ਸੈਕਟਰ ਦਾ ਮਜ਼ਬੂਤ ਹੋਣਾ ਅਹਿਮ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਰਾਮਦਾਂ ਵਧਾਉਣ ਵਿੱਚ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਨਵੀਆਂ ਨੀਤੀਆਂ ਘੜੀਆਂ ਜਾ ਰਹੀਆਂ ਹਨ, ਜਿਸ ਨਾਲ ਐੱਮਐੱਸਐੱਮਈ ਸੈਕਟਰ ਨੂੰ ਆਪਣੀ ਸਮਰੱਥਾ ਪਛਾਨਣ ਵਿੱਚ ਮਦਦ ਮਿਲੇਗੀ। ਸ੍ਰੀ ਮੋਦੀ ਇਥੇ ‘ਉੱਦਮੀ ਭਾਰਤ’ ਪ੍ਰੋਗਰਾਮ ਮੌਕੇ ਸੂਖਮ, ਛੋਟੇ ਤੇ ਮੱਧਮ ਉਦਯੋਗਾਂ ਲਈ ਕਈ ਨਵੀਆਂ ਪਹਿਲਕਦਮੀਆਂ ਦਾ ਆਗਾਜ਼ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਬਰਾਮਦਾਂ ਨੂੰ ਵਧਾਉਣ ਤੇ ਭਾਰਤੀ ਉਤਪਾਦਾਂ ਨੂੰ ਨਵੀਆਂ ਮਾਰਕੀਟਾਂ ਤੱਕ ਪੁੱਜਦਾ ਕਰਨ ਲਈ ਦੇਸ਼ ਦੇ ਐੱਮਐੱਸਐੱਮਈ ਸੈਕਟਰ ਦਾ ਮਜ਼ਬੂਤ ਹੋਣਾ ਅਹਿਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸੈਕਟਰ ਵਿਚਲੀਆਂ ਅਸੀਮ ਸੰਭਾਵਨਾਵਾਂ ਤੇ ਇਨ੍ਹਾਂ ਦੀ ਯੋਗਤਾ ਨੂੰ ਧਿਆਨ ’ਚ ਰੱਖ ਕੇ ਹੀ ਫੈਸਲਾ ਲੈਂਦੀ ਤੇ ਨਵੀਆਂ ਯੋਜਨਾਵਾਂ ਘੜਦੀ ਹੈ। ਉਨ੍ਹਾਂ ਐੱਮਐੱਸਐੱਮਈ ਆਈਡੀਆ ਹੈਕਾਥਾਨ 2022 ਦੇ ਨਤੀਜਿਆਂ ਦਾ ਐਲਾਨ ਕਰਦਿਆਂ ਕੌਮੀ ਐੱਮਐੱਸਐੱਮਈ ਐਵਾਰਡਜ਼ 2022 ਦੀ ਵੰਡ ਵੀ ਕੀਤੀ। -ਪੀਟੀਆਈ