ਕੋਲਕਾਤਾ, 16 ਜੂਨ
ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਸੂਬੇ ਦੇ ਰਾਜਪਾਲ ਜਗਦੀਪ ਧਨਖੜ ਉੱਤੇ ਸੰਵਿਧਾਨਕ ਨੇਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਰਾਜਪਾਲ ਇਸ ਵੇਲੇ ਦਿੱਲੀ ਦੀ ਫੇਰੀ ’ਤੇ ਹਨ ਤੇ ਟੀਐੱਮਸੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਵਾਪਸ ਸੂਬੇ ਵਿੱਚ ਨਾ ਪਰਤਣ। ਉਧਰ ਭਾਜਪਾ ਨੇ ਪਲਟਵਾਰ ਕਰਦਿਆਂ ਕਿ ਉਹ ਟੀਐੱਮਸੀ ਹੈ, ਜਿਸ ਨੂੰ ਸੰਵਿਧਾਨ ਦੀ ਕਥਿਤ ਕੋਈ ਕਦਰ ਨਹੀਂ ਹੈ। ਭਾਜਪਾ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਨੂੰ ਸੰਵਿਧਾਨਕ ਅਹੁਦਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਧਨਖੜ, ਜਿਨ੍ਹਾਂ ਦੇ ਸੂਬਾ ਸਰਕਾਰ ਨਾਲ ਕਾਫ਼ੀ ਤਣਾਅ ਵਾਲੇ ਰਿਸ਼ਤੇ ਰਹੇ ਹਨ, ਬੁੱਧਵਾਰ ਰਾਤ ਨੂੰ ਚਾਰ ਰੋਜ਼ਾ ਫੇਰੀ ਲਈ ਕੌਮੀ ਰਾਜਧਾਨੀ ਗਏ ਹਨ। ਉਨ੍ਹਾਂ ਹਾਲਾਂਕਿ ਇਸ ਫੇਰੀ ਦਾ ਕੋਈ ਕਾਰਨ ਨਹੀਂ ਦੱਸਿਆ। ਰਾਜਪਾਲ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਕੇਂਦਰੀ ਮੰਤਰੀਆਂ ਪ੍ਰਹਿਲਾਦ ਜੋਸ਼ੀ ਤੇ ਪ੍ਰਹਿਲਾਦ ਸਿੰਘ ਪਟੇਲ ਨਾਲ ਮੁਲਾਕਾਤ ਕੀਤੀ ਹੈ। -ਪੀਟੀਆਈ