ਕੋਲਕਾਤਾ, 7 ਜੂਨ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਵੱਲੋਂ ਰਾਜਭਵਨ ਵਿੱਚ ਆਪਣੇ ਹੀ ਪਰਿਵਾਰਕ ਮੈਂਬਰਾਂ ਤੇ ਹੋਰ ਜਾਣਕਾਰਾਂ ਨੂੰ ਓਐੱਸਡੀ’ਜ਼ ਨਿਯੁਕਤ ਕੀਤੇ ਜਾਣ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਧਨਖੜ ਨੇ ਕਿਹਾ ਕਿ ਇਹ ਦੋਸ਼ ‘ਵਾਸਤਵਿਕ ਤੌਰ ’ਤੇ ਗ਼ਲਤ’ ਅਤੇ ਸੂਬੇ ਦੀ ‘ਚਿੰਤਾਜਨਕ ਅਮਨ ਤੇ ਕਾਨੂੰਨ ਵਿਵਸਥਾ’ ਤੋਂ ਧਿਆਨ ਭਟਕਾਉਣ ਦਾ ਯਤਨ ਹੈ। ਰਾਜਪਾਲ ਨੇ ਕਿਹਾ ਕਿ ਓਐੱਸਡੀ ਵਜੋੋਂ ਤਾਇਨਾਤ ਛੇ ਅਧਿਕਾਰੀਆਂ ਦਾ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਲਾਗਾ ਦੇਗਾ ਨਹੀਂ ਹੈ।
ਰਾਜਪਾਲ ਨੇ ਇਕ ਟਵੀਟ ਵਿੱਚ ਕਿਹਾ, ‘‘ਮਹੂਆ ਮੋਇਤਰਾ ਵੱਲੋਂ ਇਕ ਟਵੀਟ ਜ਼ਰੀਏ ਤੇ ਮੀਡੀਆ ਵਿੱਚ ਕੀਤੇ ਦਾਅਵੇ ਕਿ ਰਾਜ ਭਵਨ ਵਿੱਚ ਨਿੱਜੀ ਸਟਾਫ਼ ਵਿੱਚ ਤਾਇਨਾਤ ਓਐੱਸਡੀ’ਜ਼ ਮੇਰੇ ਰਿਸ਼ਤੇਦਾਰ ਹਨ, ਸਰਾਸਰ ਗ਼ਲਤ ਹੈ। ਓਐੱਸਡੀ’ਜ਼ ਤਿੰਨ ਰਾਜਾਂ ਨਾਲ ਸਬੰਧਤ ਹਨ ਤੇ ਉਹ ਵੱਖੋ ਵੱਖਰੀਆਂ ਜਾਤਾਂ ਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਮੇੇਰੇ ਪਰਿਵਾਰ ਦੇ ਨਜ਼ਦੀਕੀਆਂ ’ਚੋਂ ਨਹੀਂ ਹੈ। ਇਨ੍ਹਾਂ ਵਿੱਚੋਂ ਚਾਰ ਨਾ ਤਾਂ ਮੇਰੀ ਜਾਤ ਤੇ ਨਾ ਹੀ ਮੇਰੇ ਸੂਬੇ ਨਾਲ ਸਬੰਧ ਰੱਖਦੇ ਹਨ। ਇਹ ਅਸਲ ਵਿੱਚ ਸੂਬੇ ਦੀ ਨਿਘਰਦੀ ਅਮਨ ਤੇ ਕਾਨੂੰਨ ਵਿਵਸਥਾ ਤੋਂ ਧਿਆਨ ਲਾਂਭੇ ਕਰਨ ਦੀ ਰਣਨੀਤੀ ਦਾ ਹਿੱਸਾ ਹੈ।’’ ਧਨਖੜ ਨੇ ਸਾਫ਼ ਕਰ ਦਿੱਤਾ ਕਿ ਉਹ ਬਿਨਾਂ ਰੁਕੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਚੇਤੇ ਰਹੇ ਕਿ ਮੋਇਤਰਾ ਨੇ ਲੰਘੇ ਦਿਨ ਮਾਈਕਰੋਬਲੌਗਿੰਗ ਸਾਈਟ ’ਤੇ ਧਨਖੜ ਨੂੰ ‘ਅੰਕਲ ਜੀ’ ਵਜੋਂ ਮੁਖਾਤਬਿ ਹੁੰਦਿਆਂ ਕਿਹਾ ਸੀ ਕਿ ਰਾਜਪਾਲ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਜਾਣਕਾਰਾਂ ਨੂੰ ਰਾਜ ਭਵਨ ਵਿੱਚ ਓਐੱਸਡੀ’ਜ਼ ਲਾਇਆ ਗਿਆ ਹੈ। -ਪੀਟੀਆਈ
ਮਹੂਆ ਵੱਲੋਂ ਧਨਖੜ ਨੂੰ ਮਾਣਹਾਨੀ ਦਾ ਕੇਸ ਦਰਜ ਕਰਾਉਣ ਦੀ ਚੁਣੌਤੀ
ਕੋਲਕਾਤਾ: ਰਾਜਪਾਲ ਜਗਦੀਪ ਧਨਖੜ ਖ਼ਿਲਾਫ਼ ਕੋਲਕਾਤਾ ਰਾਜ ਭਵਨ ਵਿੱਚ ‘ਵਿਆਪਕ ਕੁਨਬਾਪ੍ਰਸਤੀ’ ਦੇ ਦੋਸ਼ ਲਾਉਣ ਤੋਂ ਇਕ ਦਿਨ ਮਗਰੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਰਾਜਪਾਲ ਨੂੰ ਇਨ੍ਹਾਂ ਖੁਲਾਸਿਆਂ ਲਈ ਉਸ ਖਿਲਾਫ਼ ਮਾਣਹਾਨੀ ਕੇਸ ਦਰਜ ਕਰਾਉਣ ਦੀ ਚੁਣੌਤੀ ਦਿੱਤੀ ਹੈ। ਮੋਇਤਰਾ ਨੇ ਰਾਜਪਾਲ ਦੇ ਬਚਾਅ ਵਿੱਚ ਉਤਰੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਸੰਯਤਨ ਬਾਸੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘‘ਭਾਜਪਾ ਵੱਲੋਂ ਉਸ (ਰਾਜਪਾਲ) ਦਾ ਬਚਾਅ ਕਿਉਂ ਕੀਤਾ ਜਾ ਰਿਹੈ? ਕੀ ਉਹ ਭਾਜਪਾ ਕਾਰਕੁਨ ਜਾਂ ਫਿਰ ਰਾਜਪਾਲ ਹਨ? ਕੀ ਉਹ ਆਪਣਾ ਬਚਾਅ ਆਪ ਨਹੀਂ ਕਰ ਸਕਦੇ?’’ ਮੋਇਤਰਾ ਨੇ ਜਗਦੀਪ ਧਨਖੜ ਨੂੰ ਚੁਣੌਤੀ ਦਿੱਤੀ ਕਿ ਉਹ ਉਸ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਾਉਣ। -ਪੀਟੀਆਈ