ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 12 ਅਗਸਤ
ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਭਾਰਤੀ ਲੋਕ ਘੱਟ ਪਾਬੰਦੀਆਂ ਨਾਲ ਵਿਦੇਸ਼ ਜਾ ਸਕਣ। ਉਨ੍ਹਾਂ ਨੇ ਆਸ ਜਤਾਈ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਅਗਲੇ ਮਹੀਨੇ ਤੱਕ ਕੋਵੈਕਸਿਨ ਨੂੰ ਵਿਸ਼ਵ ਪੱਧਰ ’ਤੇ ਪ੍ਰਵਾਨਗੀ ਮਿਲ ਸਕਦੀ ਹੈ। ਉਹ ਸੀਆਈਆਈ ਦੇ ਵਰਚੂਅਲ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ ਤੇ ਟੈੱਕ ਮਹਿੰਦਰਾ ਦੇ ਸੀਈਓ ਸ੍ਰੀ ਸੀ. ਪੀ. ਗੁਰਨਾਨੀ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਵਧੇਰੇ ਦੇਸ਼ ਟੀਕਾਕਰਨ ’ਤੇ ਜ਼ੋਰ ਨਹੀਂ ਦਿੰਦੇ ਤੇ ਜਹਾਜ਼ ਚੜ੍ਹਨ ਵੇਲੇ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਮੰਗਦੇ ਹਨ। ਅਜਿਹੇ ਦੇਸ਼ਾਂ ਵਿੱਚ ਅਮਰੀਕਾ ਵੀ ਸ਼ਾਮਲ ਹੈ। ਇਸੇ ਤਰ੍ਹਾਂ ਯੋਰਪ ਨੇ ਵੀ ਉਨ੍ਹਾਂ ਯਾਤਰੀਆਂ ਨੂੰ ਹੀ ਇਕਾਂਤਵਾਸ ਤੋਂ ਛੋਟ ਦਿੱਤੀ ਹੈ ਜਿਨ੍ਹਾਂ ਨੇ ਪ੍ਰਵਾਨਿਤ ਕਰੋਨਾ ਰੋਕੂ ਦਵਾਈਆਂ ਦਾ ਟੀਕਾ ਲਗਵਾਇਆ ਹੈ।