ਨਵੀਂ ਦਿੱਲੀ, 25 ਅਪਰੈਲ
ਕੇਂਦਰ ਸਰਕਾਰ ਨੇ ਕੌਮੀ ਸਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਗੁਮਰਾਹਕੁਨ ਜਾਣਕਾਰੀ ਫੈਲਾਉਣ ਦੇ ਮਾਮਲੇ ’ਚ ਇਕ ਫੇਸਬੁੱਕ ਅਕਾਊਂਟ ਸਮੇਤ 16 ਯੂਟਿਊਬ ਚੈਨਲਾਂ ’ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਚੈਨਲਾਂ ’ਚੋਂ ਛੇ ਪਾਕਿਸਤਾਨ ਤੋਂ ਚੱਲ ਰਹੇ ਸਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਯੂਟਿਊਬ ਚੈਨਲਾਂ ਅਤੇ ਫੇਸਬੁੱਕ ਖ਼ਾਤਿਆਂ ’ਤੇ ਰੋਕ ਲਗਾਈ ਗਈ ਹੈ, ਉਨ੍ਹਾਂ ਦੀ ਕੁੱਲ ਦਰਸ਼ਕ ਗਿਣਤੀ (ਵਿਊਰਸ਼ਿਪ) 68 ਕਰੋੜ ਤੋਂ ਵਧ ਸੀ ਅਤੇ ਇਹ ਚੈਨਲ ਭਾਰਤ ’ਚ ਹਾਲਾਤ ਵਿਗਾੜਨ ਤੇ ਫਿਰਕੂ ਸਦਭਾਵਨਾ ’ਚ ਪਾੜ ਪਾ ਕੇ ਡਰ ਦਾ ਮਾਹੌਲ ਬਣਾਉਣ ਲਈ ਗਲਤ ਅਤੇ ਤਸਦੀਕ ਕੀਤੇ ਬਿਨਾਂ ਜਾਣਕਾਰੀ ਫੈਲਾ ਰਹੇ ਸਨ। ਇਨ੍ਹਾਂ ’ਚੋਂ ਕਿਸੇ ਵੀ ਡਿਜੀਟਲ ਸਮਾਚਾਰ ਪ੍ਰਕਾਸ਼ਕ ਨੇ ਮੰਤਰਾਲੇ ਨੂੰ ਆਈਟੀ ਨੇਮ 18 ਤਹਿਤ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਸੀ। ਮੰਤਰਾਲੇ ਮੁਤਾਬਕ ਪਾਕਿਸਤਾਨ ਦੇ ਜਿਨ੍ਹਾਂ ਯੂਟਿਊਬ ਚੈਨਲਾਂ ਦੇ ਪ੍ਰਸਾਰਣ ’ਤੇ ਰੋਕ ਲਗਾਈ ਗਈ ਹੈ, ਉਹ ਭਾਰਤੀ ਫ਼ੌਜ, ਜੰਮੂ ਕਸ਼ਮੀਰ ਅਤੇ ਯੂਕਰੇਨ ਦੇ ਹਾਲਾਤ ਦੇ ਮੱਦੇਨਜ਼ਰ ਵਿਦੇਸ਼ੀ ਸਬੰਧਾਂ ਜਿਹੇ ਕਈ ਵਿਸ਼ਿਆਂ ’ਤੇ ਫਰਜ਼ੀ ਖ਼ਬਰਾਂ ਪੋਸਟ ਕਰ ਰਹੇ ਸਨ। ਪਾਬੰਦੀਸ਼ੁਦਾ ਯੂਟਿਊਬ ਚੈਨਲਾਂ ’ਚ ਐੱਮਆਰਐੱਫ ਟੀਵੀ ਲਾਈਵ, ਸੈਣੀ ਐਜੂਕੇਸ਼ਨ ਰਿਸਰਚ, ਤਹਫੁੱਜ਼-ਏ-ਦੀਨ ਇੰਡੀਆ ਅਤੇ ਐੱਸਬੀਬੀ ਨਿਊਜ਼ ਸ਼ਾਮਲ ਹਨ। ਪਾਕਿਸਤਾਨ ਤੋਂ ਚੱਲ ਰਹੇ ਯੂਟਿਊਬ ਚੈਨਲਾਂ ’ਚ ਡਿਸਕਵਰ ਪੁਆਇੰਟ, ਰਿਐਲਟੀ ਚੈੱਕਸ, ਆਜ ਤੱਕ ਪਾਕਿਸਤਾਨ ਅਤੇ ਦਿ ਵੁਆਇਸ ਆਫ਼ ਏਸ਼ੀਆ ਸ਼ਾਮਲ ਹਨ। -ਪੀਟੀਆਈ