ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 16 ਸਤੰਬਰ
ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਕੋਵਿਡ-19 ਖ਼ਿਲਾਫ਼ ਜੰਗ ’ਚ ਮੂਹਰੇ ਹੋ ਕੇ ਆਪਣਾ ਫ਼ਰਜ਼ ਨਿਭਾਉਂਦਿਆਂ ਮੌਤ ਦੇ ਮੂੰਹ ਪੈਣ ਵਾਲੇ 382 ਡਾਕਟਰਾਂ ਦੀ ਇਕ ਸੂਚੀ ਪ੍ਰਕਾਸ਼ਿਤ ਕੀਤੀ ਹੈ। ਐਸੋਸੀਏਸ਼ਨ ਨੇ ਇਨ੍ਹਾਂ ਡਾਕਟਰਾਂ, ਜਿਨ੍ਹਾਂ ਵਿੱਚ 27 ਸਾਲ ਦੇ ਨੌਜਵਾਨ ਡਾਕਟਰ ਵੀ ਸ਼ਾਮਲ ਹਨ, ਦੇ ਪੀੜਤ ਪਰਿਵਾਰਾਂ ਲਈ ਮੁਨਾਸਬ ਮੁਆਵਜ਼ੇ ਦੀ ਮੰਗ ਕੀਤੀ ਹੈ। ਆਈਐੱਮਏ ਨੇ ਇਕ ਬਿਆਨ ਵਿੱਚ ਮੰਗ ਕੀਤੀ ਕਿ ਕੋਵਿਡ ਕਰਕੇ ਜਾਨ ਗੁਆਉਣ ਵਾਲੇ ਡਾਕਟਰਾਂ ਨੂੰ ‘ਸ਼ਹੀਦ’ ਐਲਾਨਿਆ ਜਾਵੇ, ਤਾਂ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਮਿਲ ਸਕੇ। ਆਈਐੱਮਏ ਮੁਖੀ ਰਾਜਨ ਸ਼ਰਮਾ ਨੇ ਸਰਕਾਰ ਨੂੰ ਲਿਖਿਆ, ‘ਆਈਐੱਮਏ ਨੇ ਕੋਵਿਡ ਮਹਾਮਾਰੀ ਦੌਰਾਨ ਰੱਬ ਨੂੰ ਪਿਆਰੇ ਹੋਏ ਭਾਰਤੀ ਡਾਕਟਰਾਂ ਦੀ ਇਕ ਸੂਚੀ ਪ੍ਰਕਾਸ਼ਿਤ ਕੀਤੀ ਹੈ। ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਡਾਕਟਰਾਂ ਨੂੰ ਸ਼ਹੀਦ ਐਲਾਨਿਆ ਜਾਵੇ। ਇਨ੍ਹਾਂ ਦੇ ਪਰਿਵਾਰ ਤੇ ਬੱਚੇ ਸਰਕਾਰੀ ਦਿਲਾਸੇ ਦੇ ਹੱਕਦਾਰ ਹਨ। ਆਈਐੱਮਏ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਨਰਸਾਂ ਤੇ ਹੋਰਨਾਂ ਸਿਹਤ ਕਾਮਿਆਂ ਬਾਰੇ ਵੀ ਜਾਣਕਾਰੀ ਇਕੱਤਰ ਕਰੇ।’ ਸ਼ਰਮਾ ਨੇ ਕਿਹਾ ਕਿ ਡਾਕਟਰਾਂ ਤੇ ਸਿਹਤ ਸੰਭਾਲ ’ਚ ਲੱਗੇ ਹੋਰਨਾਂ ਕਾਮਿਆਂ ਦੀਆਂ ਸਭ ਤੋਂ ਵਧ ਜਾਨਾਂ ਭਾਰਤ ਵਿੱਚ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਦੇ ਮੁਕਾਬਲੇ ਡਾਕਟਰਾਂ ਦੀ ਮੌਤ ਦਰ ਚਾਰ ਗੁਣਾ ਤੇ ਨਿੱਜੀ ਡਾਕਟਰਾਂ ਦੀ ਅੱਠ ਗੁਣਾ ਹੈ।