ਤਿਰੂਵਨੰਤਪੁਰਮ, 25 ਮਈ
ਕੇਰਲਾ ਦੀ ਮੈਜਿਸਟਰੇਟੀ ਅਦਾਲਤ ਨੇ ਸੀਨੀਅਰ ਸਿਆਸਤਦਾਨ ਪੀ ਸੀ ਜੌਰਜ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜੌਰਜ ’ਤੇ 29 ਅਪਰੈਲ ਨੂੰ ਸੂਬੇ ਦੇ ਮੁਸਲਮਾਨਾਂ ਖ਼ਿਲਾਫ਼ ਨਫ਼ਰਤੀ ਭਾਸ਼ਨ ਦੇਣ ਦਾ ਕੇਸ ਦਰਜ ਹੋਇਆ ਹੈ। ਅਦਾਲਤ ਨੇ ਪੁਲੀਸ ਦੀ ਅਰਜ਼ੀ ’ਤੇ ਜੌਰਜ ਨੂੰ ਦਿੱਤੀ ਗਈ ਰਾਹਤ ਰੱਦ ਕੀਤੀ ਹੈ। ਪੁਲੀਸ ਮੁਤਾਬਕ ਉੱਘੇ ਸਿਆਸਤਦਾਨ ਨੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕੀਤੀ ਸੀ ਜਿਸ ਦੇ ਆਧਾਰ ’ਤੇ ਉਸ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਪੁਲੀਸ ਮੁਤਾਬਕ ਅਦਾਲਤ ਨੇ ਜੌਰਜ ਨੂੰ ਵਿਵਾਦਤ ਬਿਆਨ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਸੀ ਪਰ ਉਸ ਨੇ ਰਾਹਤ ਮਿਲਣ ਮਗਰੋਂ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਉਹ ਆਪਣੇ ਸਟੈਂਡ ’ਤੇ ਕਾਇਮ ਹੈ ਜਿਸ ਨਾਲ ਫਿਰਕੂ ਨਫ਼ਰਤ ਫੈਲਣ ਦਾ ਖ਼ਦਸ਼ਾ ਹੈ। ਜ਼ਮਾਨਤ ਰੱਦ ਹੋਣ ਖ਼ਿਲਾਫ਼ ਅਪੀਲ ਪਾਉਣ ਬਾਰੇ ਪੁੱਛੇ ਜਾਣ ’ਤੇ ਜੌਰਜ ਦੇ ਵਕੀਲ ਅਜੀਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਪਹਿਲਾਂ ਕਾਨੂੰਨ ਦਾ ਪਾਲਣ ਕਰੇਗਾ ਅਤੇ ਫਿਰ ਅਗਲੇ ਕਦਮ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। -ਪੀਟੀਆਈ