ਹਰਿਦੁਆਰ/ਦੇਹਰਾਦੂਨ, 11 ਦਸੰਬਰ
ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਦੀਆਂ ਅਸਥੀਆਂ ਉਨ੍ਹਾਂ ਦੀਆਂ ਦੋਵੇਂ ਧੀਆਂ ਵੱਲੋਂ ਹਰਿਦੁਆਰ ਵਿੱਚ ਗੰਗਾ ਨਦੀ ’ਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਮੌਕੇ ਪੰਡਤ ਆਦਿਤਿਆ ਵਸ਼ਿਸ਼ਟ ਤੇ ਪ੍ਰੀਕਸ਼ਿਤ ਸਿਖੋਲਾ ਨੇ ਧਾਰਮਿਕ ਰਸਮਾਂ ਨਿਭਾਈਆਂ। ਇਸ ਦੌਰਾਨ ਪੂਰੇ ਫ਼ੌਜੀ ਸਨਮਾਨਾਂ ਦਰਮਿਆਨ ਜਨਰਲ ਰਾਵਤ ਦੀਆਂ ਧੀਆਂ ਤਾਰਿਨੀ ਅਤੇ ਕ੍ਰਿਤਿਕਾ ਨੇ ਆਪਣੇ ਮਾਪਿਆਂ ਦੀਆਂ ਅਸਥੀਆਂ ਪਵਿੱਤਰ ਗੰਗਾ ਨਦੀ ’ਚ ਪ੍ਰਵਾਹਿਤ ਕੀਤੀਆਂ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀਆਈਪੀ ਘਾਟ ’ਚ ਦੋਵਾਂ ਭੈਣਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਜਨਰਲ ਰਾਵਤ ਹਮੇਸ਼ਾਂ ਲੋਕਾਂ ਦੀਆਂ ਯਾਦਾਂ ਵਿੱਚ ਵਸੇ ਰਹਿਣਗੇ। ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਕੁਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ। -ਪੀਟੀਆਈ
ਹਾਦਸੇ ਦੇ ਪੰਜ ਹੋਰ ਮ੍ਰਿਤਕਾਂ ਦੀ ਸ਼ਨਾਖਤ ਹੋਈ
ਨਵੀਂ ਦਿੱਲੀ: ਬੀਤੇ ਦਿਨੀਂ ਕੁਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸੁਰੱਖਿਆ ਬਲਾਂ ਦੇ ਪੰਜ ਹੋਰ ਮੁਲਾਜ਼ਮਾਂ ਦੀ ਸ਼ਨਾਖਤ ਹੋ ਗਈ ਹੈ ਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਸਬੰਧਤ ਪਿੱਤਰੀ ਕਸਬਿਆਂ ਵਿੱਚ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲਾਸ਼ਾਂ ਦੀ ਸਹੀ ਢੰਗ ਨਾਲ ਪਛਾਣ ਕਰਨ ਲਈ ਯਤਨ ਜਾਰੀ ਹਨ। ਪਿਛਲੇ ਕੁਝ ਘੰਟਿਆਂ ਵਿੱਚ ਜਿਨ੍ਹਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਸਕੀ ਹੈ, ਉਨ੍ਹਾਂ ’ਚ ਜੂਨੀਅਰ ਵਾਰੰਟ ਅਫ਼ਸਰ ਪ੍ਰਦੀਪ, ਵਿੰਗ ਕਮਾਂਡਰ ਪੀ ਐੱਸ ਚੌਹਾਨ, ਸਕੁਐਡਰਨ ਲੀਡਰ ਕੇ ਸਿੰਘ, ਜੂਨੀਅਰ ਵਾਰੰਟ ਅਫ਼ਸਰ ਰਾਣਾ ਪ੍ਰਤਾਪ ਦਾਸ, ਲਾਂਸ ਨਾਇਕ ਬੀ ਸਾਈ ਤੇਜਾ ਅਤੇ ਲਾਂਸ ਨਾਇਕ ਵਿਵੇਕ ਕੁਮਾਰ ਦੇ ਨਾਂ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਪੂਰੇ ਫ਼ੌਜੀ ਸਨਮਾਨਾਂ ਨਾਲ ਹਵਾਈ ਮਾਰਗ ਰਾਹੀਂ ਉਨ੍ਹਾਂ ਦੇ ਸਬੰਧਤ ਪਿੱਤਰੀ ਕਸਬਿਆਂ ’ਚ ਲਿਜਾਈਆਂ ਜਾ ਰਹੀਆਂ ਹਨ। ਵੱਖਰੀ ਜਾਣਕਾਰੀ ਮੁਤਾਬਕ ਸਕੁਐਡਰਨ ਲੀਡਰ ਕੁਲਦੀਪ ਸਿੰਘ ਦੀ ਦੇਹ ਇੱਕ ਜਹਾਜ਼ ਰਾਹੀਂ ਝੁਨਝੁਨੂ ਹਵਾਈ ਪੱਟੀ ਪੁੱਜੀ ਜਿਸ ਦੌਰਾਨ ਐੱਮਪੀ ਨਰੇਂਦਰ ਕੁਮਾਰ, ਵਿਧਾਇਕ ਰੀਟਾ ਚੌਧਰੀ, ਜ਼ਿਲ੍ਹਾ ਕੁਲੈਕਟਰ ਯੂ ਡੀ ਖਾਨ, ਐੱਸਪੀ ਪ੍ਰਦੀਪ ਮੋਹਨ ਸ਼ਰਮਾ ਤੇ ਹੋਰਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਆਈਏਐੱਫ ਦਾ ਇੱਕ ਸ਼ਿੰਗਾਰਿਆ ਗਿਆ ਟਰੱਕ ਉਨ੍ਹਾਂ ਦੀ ਦੇਹ ਲੈ ਕੇ ਉਨ੍ਹਾਂ ਦੇ ਪਿੰਡ ਘਰਦਾਨਾ ਖੁਰਦ ਲਈ ਰਵਾਨਾ ਹੋਇਆ।
ਇਸ ਦੌਰਾਨ ਜੂਨੀਅਰ ਵਾਰੰਟ ਅਫ਼ਸਰ ਰਾਣਾ ਪ੍ਰਤਾਪ ਦਾਸ ਦੀ ਦੇਹ ਭੁਵਨੇਸ਼ਵਰ ਏਅਰਪੋਰਟ ’ਤੇ ਪੁੱਜਣ ’ਤੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਸ੍ਰੀ ਦਾਸ ਓੜੀਸਾ ਦੇ ਅੰਗੁਲ ਜ਼ਿਲ੍ਹੇ ਦੇ ਤਲਚਰ ਦੇ ਵਸਨੀਕ ਸਨ। ਇਸ ਮੌਕੇ 120 ਇਨਫੈਂਟਰੀ ਬਟਾਲੀਅਨ ਦੇ ਸੁਰੱਖਿਆ ਬਲਾਂ ਨੇ ਆਪਣੇ ਅਧਿਕਾਰੀ ਦੀ ਦੇਹ ਨੂੰ ‘ਗਾਰਡ ਆਫ਼ ਆਨਰ’ ਦਿੱਤਾ। ਇਸ ਮਗਰੋਂ ਉਨ੍ਹਾਂ ਦੀ ਦੇਹ ਉਨ੍ਹਾਂ ਦੇ ਪਿੰਡ ਕ੍ਰਿਸ਼ਨਚੰਦਰਪੁਰ ਲਿਆਂਦੀ ਗਈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪੈਂਦੇ ਲਾਂਸ ਨਾਇਕ ਵਿਵੇਕ ਕੁਮਾਰ ਦੇ ਜੱਦੀ ਪਿੰਡ ਥਹੇੜੂ ਵਿੱਚ ਉਨ੍ਹਾਂ ਦੀ ਦੇਹ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਗੱਗਲ ਏਅਰਪੋਰਟ ’ਤੇ ਪੁੱਜੀ ਉਨ੍ਹਾਂ ਦੀ ਦੇਹ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਿਤਾ ਰਮੇਸ਼ ਚੰਦ ਨੂੰ ਹੌਸਲਾ ਵੀ ਦਿੱਤਾ ਸੀ।
ਲਾਂਸ ਨਾਇਕ ਤੇਜਾ ਦੇ ਵਾਰਿਸਾਂ ਨੂੰ 50 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦਾ ਐਲਾਨ
ਅਮਰਾਵਤੀ/ਬੰਗਲੁਰੂ: ਆਂਧਰਾ ਪ੍ਰਦੇਸ਼ ਸਰਕਾਰ ਨੇ ਅੱਜ ਲਾਂਸ ਨਾਇਕ ਬੀ ਸਾਈ ਤੇਜਾ ਦੇ ਪਰਿਵਾਰ ਲਈ 50 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਤਾਮਿਲਨਾਡੂ ਦੇ ਕੁਨੂਰ ’ਚ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਸਾਈ ਤੇਜਾ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ, ਜੋ ਸੀਡੀਐੱਸ ਜਨਰਲ ਬਿਪਿਨ ਰਾਵਤ ਦੇ ਨਿੱਜੀ ਸੁਰੱਖਿਆ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਹਾਦਸੇ ਵਿੱਚ ਮਾਰੇ ਗਏ 13 ਜਣਿਆਂ ਵਿੱਚ ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ ਉਹ ਵੀ ਸ਼ਾਮਲ ਸਨ। ਸੂਬੇ ਦੇ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰਦਿਆਂ ਕਿਹਾ ਕਿ ਸਰਕਾਰ ਨੇ ਲਾਂਸ ਨਾਇਕ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਸਾਈ ਤੇਜਾ ਦੀ ਦੇਹ ਬੰਗਲੁਰੂ ਲਿਆਂਦੀ ਗਈ, ਜਿੱਥੋਂ ਇਸ ਨੂੰ ਉਨ੍ਹਾਂ ਦੇ ਜੱਦੀ ਪਿੰਡ ਯੇਗੂਵਾਰੀਗੜੀਪੱਲੀ ਲਿਜਾਇਆ ਜਾਵੇਗਾ। -ਪੀਟੀਆਈ