ਵਾਸ਼ਿੰਗਟਨ: ਮੁੱਖ ਅਰਥਸ਼ਾਸਤਰੀ ਭਾਰਤੀ ਮੂਲ ਦੀ ਗੀਤਾ ਗੋਪੀਨਾਥ ਨੂੰ ਤਰੱਕੀ ਦੇ ਕੇ ਆਈਐੱਮਐੱਫ ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਆਈਐੱਮਐੱਫ ਨੇ ਬੀਤੇ ਦਿਨੀਂ ਇਸ ਦਾ ਐਲਾਨ ਕੀਤਾ ਸੀ। ਗੀਤਾ ਜੈਫਰੀ ਓਕਾਮੋਟੋ ਦੀ ਥਾਂ ਲਵੇਗੀ, ਜਿਨ੍ਹਾਂ ਦੀ ਅਗਲੇ ਸਾਲ ਦੇ ਸ਼ੁਰੂ ਵਿੱਚ ਆਈਐੱਮਐੱਫ ਛੱਡਣ ਦੀ ਯੋਜਨਾ ਹੈ। ਗੋਪੀਨਾਥ, ਜਿਸ ਨੇ ਜਨਵਰੀ 2022 ਵਿੱਚ ਹਾਵਰਡ ਯੂਨੀਵਰਸਿਟੀ ਵਿੱਚ ਆਪਣੇ ਅਕਾਦਮਿਕ ਸੈਸ਼ਨ ਵਿੱਚ ਪਰਤਣਾ ਸੀ, ਨੇ ਤਿੰਨ ਸਾਲ ਆਈਐੱਮਐੱਫ ਦੇ ਮੁੱਖ ਅਰਥਸ਼ਾਸਤਰੀ ਵਜੋਂ ਸੇਵਾਵਾਂ ਨਿਭਾਈਆਂ ਹਨ। ਆਈਐੱਮਐੱਫ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਟਾਲੀਨਾ ਜਾਰਜੀਵਾ ਨੇ ਕਿਹਾ, ‘‘ਜੈਫਰੀ ਤੇ ਗੀਤਾ ਦੋਵੇਂ ਬਹੁਤ ਵਧੀਆਂ ਸਹਿਯੋਗੀ ਹਨ। ਮੈਨੂੰ ਜੈਫਰੀ ਦੇ ਜਾਣ ਦਾ ਅਫਸੋਸ ਹੈ, ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਗੀਤਾ ਨੇ ਟਿਕੇ ਰਹਿਣ ਦਾ ਫ਼ੈਸਲਾ ਕੀਤਾ ਹੈ ਅਤੇ ਸਾਡੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਹੋਣ ਦੀ ਨਵੀਂ ਜ਼ਿੰਮੇਵਾਰੀ ਚੁੱਕਣ ਦੀ ਹਾਮੀ ਭਰੀ ਹੈ।’’ -ਪੀਟੀਆਈ