ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਜੂਨ
ਦਿੱਲੀ ਦੇ ਡਰੱਗਜ਼ ਕੰਟਰੋਲਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਗੌਤਮ ਗੰਭੀਰ ਫਾਊਂਡੇਸ਼ਨ ਡਰੱਗਜ਼ ਐਂਡ ਕੌਸਮੈਕਿਟਸ ਐਕਟ ਤਹਿਤ ਕੋਵਿਡ-19 ਦੇ ਇਲਾਜ ਨਾਲ ਸਬੰਧਤ ਦਵਾਈ ਫੈਬੀਫਲੂ ਦਾ ਗ਼ੈਰਕਾਨੂੰਨੀ ਭੰਡਾਰਨ ਕਰਨ ਦੀ ਦੋਸ਼ੀ ਹੈ। ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਜਸਮੀਤ ਸਿੰਘ ਦੇ ਬੈਂਚ ਨੂੰ ਡਰੱਗਜ਼ ਕੰਟਰੋਲਰ ਵੱਲੋਂ ਪੇਸ਼ ਐਡਵੋਕੇਟ ਨੰਦਿਤਾ ਰਾਓ ਨੇ ਦੱਸਿਆ ਕਿ ਗੌਤਮ ਗੰਭੀਰ ਫਾਊਂਡੇਸ਼ਨ ਨੇ ਲਾਈਸੈਂਸਸ਼ੁਦਾ ਡੀਲਰਾਂ ਤੋਂ 2 ਹਜ਼ਾਰ ਪੱਤੇ ਫੈਬੀਫਲੂ ਗੋਲੀਆਂ ਦੇ ਖਰੀਦੇ ਜਦਕਿ ਉਨ੍ਹਾਂ ਕੋਲ ਇਹ ਦਵਾਈ ਖਰੀਦਣ ਦਾ ਲਾਇਸੈਂਸ ਨਹੀਂ ਸੀ। ਉਸ ਨੇ ਕਿਹਾ ਕਿ ਫਾਊਂਡੇਸ਼ਨ ਨੂੰ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਫੈਬੀਫਲੂ ਦਾ ਅਣਅਧਿਕਾਰਤ ਤੌਰ ’ਤੇ ਭੰਡਾਰ ਕਰਨ ਦਾ ਦੋਸ਼ੀ ਪਾਇਆ ਗਿਆ। ਹਾਈ ਕੋਰਟ ਨੇ ਡਰੱਗਜ਼ ਕੰਟਰੋਲਰ ਤੋਂ ਪੁੱਛਿਆ ਕਿ ਰਿਪੋਰਟ ਸਿਰਫ ਗੌਤਮ ਗੰਭੀਰ ਨਾਲ ਸਬੰਧਤ ਹੈ ਜਾਂ ਇਹ ‘ਆਪ’ ਵਿਧਾਇਕ ਪ੍ਰਵੀਨ ਕੁਮਾਰ ਨਾਲ ਸਬੰਧਤ ਵੀ ਹੈ। ਇਸ ’ਤੇ ਐਡਵੋਕੇਟ ਰਾਓ ਨੇ ਕਿਹਾ ਕਿ ਪ੍ਰਵੀਨ ਕੁਮਾਰ ਵੀ ਇਸ ਮਾਮਲੇ ’ਚ ਕਥਿਤ ਤੌਰ ’ਤੇ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਡਰੱਗਜ਼ ਕੰਟਰੋਲਰ ਨੂੰ ਛੇ ਹਫ਼ਤਿਆਂ ਅੰਦਰ ਇਨ੍ਹਾਂ ਮਾਮਲਿਆਂ ਦੀ ਪ੍ਰਗਤੀ ਬਾਰੇ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਤੇ ਮਾਮਲਾ 29 ਜੁਲਾਈ ਨੂੰ ਸੁਣਵਾਈ ਲਈ ਸੂਚੀਬੱਧ ਕਰ ਲਿਆ ਹੈ।